ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦਾ ਉਦਘਾਟਨ ਕੀਤਾ। ਪ੍ਰਧਾਨਮੰਤਰੀ ਮੋਦੀ ਨੇ ਅਕਤੂਬਰ 2017 ਵਿੱਚ ਇਸ ਦਾ ਨੀਂਹ ਪੱਥਰ ਵੀ ਰੱਖਿਆ ਸੀ । ਇਸ ਦੀ ਸਥਾਪਨਾ ਕੇਂਦਰੀ ਸੈਕਟਰ ਯੋਜਨਾ- ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ ਦੇ ਤਹਿਤ ਕੀਤੀ ਗਈ ਹੈ।
ਏਮਜ਼ ਬਿਲਾਸਪੁਰ, 1,470 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ । ਇਸ ਅਤਿ-ਆਧੁਨਿਕ ਹਸਪਤਾਲ ਵਿੱਚ 18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗ, 18 ਮਾਡਿਊਲਰ ਆਪ੍ਰੇਸ਼ਨ ਥੀਏਟਰ, 64 ਆਈਸੀਯੂ ਬੈੱਡਾਂ ਵਾਲੇ 750 ਬੈੱਡ ਹਨ । ਇਹ ਹਸਪਤਾਲ 247 ਏਕੜ ਵਿੱਚ ਫੈਲਿਆ ਹੋਇਆ ਹੈ। ਇਹ 24 ਘੰਟੇ ਐਮਰਜੈਂਸੀ ਅਤੇ ਡਾਇਲਸਿਸ ਦੀਆਂ ਸਹੂਲਤਾਂ, ਅਲਟਰਾਸੋਨੋਗ੍ਰਾਫੀ, ਸੀਟੀ ਸਕੈਨ, ਐਮਆਰਆਈ ਆਦਿ ਵਰਗੀਆਂ ਆਧੁਨਿਕ ਡਾਇਗਨੌਸਟਿਕ ਮਸ਼ੀਨਾਂ, ਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਕੇਂਦਰ ਅਤੇ 30 ਬਿਸਤਰਿਆਂ ਵਾਲੇ ਆਯੂਸ਼ ਬਲਾਕ ਨਾਲ ਲੈਸ ਹੈ।
ਇਸ ਹਸਪਤਾਲ ਨੇ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਿਜੀਟਲ ਹੈਲਥ ਸੈਂਟਰ ਵੀ ਸਥਾਪਿਤ ਕੀਤਾ ਹੈ । ਹਸਪਤਾਲ ਵੱਲੋਂ ਕਾਜ਼ਾ, ਸਲੂਨੀ ਅਤੇ ਕੇਲਾਂਗ ਵਰਗੇ ਪਹੁੰਚ ਤੋਂ ਬਾਹਰ ਕਬਾਇਲੀ ਅਤੇ ਉੱਚ ਉਚਾਈ ਵਾਲੇ ਹਿਮਾਲੀਅਨ ਖੇਤਰਾਂ ਵਿੱਚ ਸਿਹਤ ਕੈਂਪਾਂ ਰਾਹੀਂ ਮਾਹਿਰਾਂ ਦੁਆਰਾ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ । ਇਸ ਹਸਪਤਾਲ ਵਿੱਚ ਹਰ ਸਾਲ ਐਮਬੀਬੀਐਸ ਕੋਰਸ ਲਈ 100 ਵਿਦਿਆਰਥੀ ਅਤੇ ਨਰਸਿੰਗ ਕੋਰਸ ਲਈ 60 ਵਿਦਿਆਰਥੀ ਦਾਖਲ ਹੋਣਗੇ। ਪ੍ਰਧਾਨ ਮੰਤਰੀ ਬਾਅਦ ਵਿੱਚ ਕੁੱਲੂ ਦੁਸਹਿਰਾ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਤਿਉਹਾਰ ਜਿੱਤ ਦਾ ਪ੍ਰਤੀਕ ਹੈ । ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ”ਜਿੱਤ ਦੇ ਪ੍ਰਤੀਕ ਦੁਸਹਿਰੇ ‘ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ । ਮੈਂ ਕਾਮਨਾ ਕਰਦਾ ਹਾਂ ਕਿ ਇਹ ਸ਼ੁਭ ਅਵਸਰ ਹਰ ਕਿਸੇ ਦੇ ਜੀਵਨ ਵਿੱਚ ਹਿੰਮਤ, ਸੰਜਮ ਅਤੇ ਸਕਾਰਾਤਮਕ ਊਰਜਾ ਲਿਆਵੇ।”
ਵੀਡੀਓ ਲਈ ਕਲਿੱਕ ਕਰੋ -: