ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਪੰਜਾਬ ਦੇ ਮੋਗਾ ਜ਼ਿਲੇ ‘ਚ ਰਹਿਣ ਵਾਲੇ ਇੱਕ ਪਰਿਵਾਰ ਦੇ ਇੱਕ ਕੁੜੀ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰਕ ਮੈਂਬਰ ਕਾਰ ਵਿੱਚ ਘਰ ਪਰਤ ਰਹੇ ਸਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਥਾਣਾ ਖੇਤਰ ਦੇ ਪਿੰਡ ਨੱਥੂਵਾਲਾ ਗਰਬਾ ਵਾਸੀ 30 ਸਾਲਾ ਸੂਰਜਵੀਰ ਸਿੰਘ ਆਪਣੀ 28 ਸਾਲਾ ਪਤਨੀ ਮਨਦੀਪ ਕੌਰ, 55 ਸਾਲਾ ਮਾਤਾ ਕੁਲਦੀਪ ਨਾਲ ਕੌਰ ਅਤੇ ਭੈਣ ਮਨਵੀਰ ਕੌਰ ਅਤੇ ਮਨਵੀਰ ਦੀ ਬੇਟੀ ਵਾਨੀ ਪੰਜਾਬ ਤੋਂ ਕਾਰ ‘ਚ ਸ਼੍ਰੀਗੰਗਾਨਗਰ ਦੇ ਪਦਮਪੁਰ ਗਈਆਂ ਸਨ। ਉਹ ਮੰਗਲਵਾਰ ਦੁਪਹਿਰ ਨੂੰ ਉੱਥੇ ਇੱਕ ਜਾਣਕਾਰ ਨੂੰ ਮਿਲਣ ਤੋਂ ਬਾਅਦ ਵਾਪਸ ਪੰਜਾਬ ਪਰਤ ਰਹੇ ਸੀ।
ਇਸ ਦੌਰਾਨ ਘੜਸਾਨਾ ਤੋਂ ਸ਼੍ਰੀਗੰਗਾਨਗਰ ਵੱਲ ਆ ਰਹੀ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੂਰਜਵੀਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਮਾਤਾ ਕੁਲਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਸੂਰਜਵੀਰ ਦੀ 1 ਸਾਲ ਦੀ ਭਤੀਜੀ ਵਾਨੀ ਦੀ ਵੀ ਮੌਤ ਹੋ ਗਈ। ਸੂਰਜਵੀਰ ਦੀ ਭੈਣ ਮਨਵੀਰ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਸ੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ 1 ਸਾਲ ਦੀ ਵਾਨੀ ਕੈਨੇਡਾ ਦੀ ਰਹਿਣ ਵਾਲੀ ਸੀ।
ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾ, ਚੇਨਈ ਖਿਲਾਫ ਮੈਚ ‘ਚ ਕੀਤੀ ਸੀ ਇਹ ਗਲਤੀ
ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦਾ ਚਾਚਾ ਸੁਖਵਿੰਦਰ ਸਿੰਘ ਮੰਗਲਵਾਰ ਸ਼ਾਮ 5 ਵਜੇ ਸ਼੍ਰੀਗੰਗਾਨਗਰ ਪਹੁੰਚਿਆ। ਉਸ ਨੇ ਦੱਸਿਆ ਕਿ ਸੂਰਜਵੀਰ, ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਕੁਲਦੀਪ ਕੌਰ ਪੰਜਾਬ ਰਹਿੰਦੇ ਸਨ। ਸੂਰਜਵੀਰ ਦੀ ਭੈਣ ਮਨਵੀਰ ਕੌਰ ਕੈਨੇਡਾ ਰਹਿੰਦੀ ਹੈ। ਉਸ ਦੇ ਨਾਲ ਉਸ ਦੀ 1 ਸਾਲ ਦੀ ਬੇਟੀ ਵਾਨੀ ਵੀ ਸੀ, ਜਿਸ ਦੀ ਹਾਦਸੇ ‘ਚ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 5 ਯਾਤਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: