ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਫਰਵਰੀ ਯਾਨੀ ਅੱਜ ਅੰਮ੍ਰਿਤ ਭਾਰਤ ਯੋਜਨਾ ਤਹਿਤ ਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਤੋਂ ਇਲਾਵਾ ROB ਅਤੇ RUB ਵਰਗੇ 554 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਜਿਸ ਦਾ ਕਈ ਥਾਵਾਂ ‘ਤੇ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਇਸੇ ਲੜੀ ਤਹਿਤ ਅੱਜ ਜਲੰਧਰ ਵਿਖੇ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਜਿੱਥੇ ਮੁੱਖ ਤੌਰ ‘ਤੇ ਰਾਜਪਾਲ ਪੁਰੋਹਿਤ ਸ਼ਾਮਲ ਹੋਣਗੇ।
ਜਾਣਕਾਰੀ ਅਨੁਸਾਰ ਦਿੱਲੀ ਪਬਲਿਕ ਸਕੂਲ ਅਤੇ ਜਲੰਧਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ ਸਵੇਰੇ 10.45 ਵਜੇ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 12.20 ਵਜੇ ਵਰਚੁਅਲ ਉਦਘਾਟਨ ਕਰਨਗੇ। ਸਿਟੀ ਰੇਲਵੇ ਸਟੇਸ਼ਨ ‘ਤੇ ਇਕ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ‘ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਸਦ ਮੈਂਬਰ ਸੁਸ਼ੀਲ ਰਿੰਕੂ, ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ.ਆਰ.ਐਮ ਅਤੇ ਹੋਰ ਆਗੂ ਤੇ ਅਧਿਕਾਰੀ ਸ਼ਿਰਕਤ ਕਰਨਗੇ। ਇਸ ਲਈ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਵਿੱਚ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 26 ਤੇ 27 ਫਰਵਰੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਮੌਸਮ ‘ਚ ਹੋਵੇਗਾ ਬਦਲਾਅ, IMD ਨੇ ਜਾਰੀ ਕੀਤਾ ਅਲਰਟ
ਜ਼ਿਲ੍ਹਾ ਪੁਲਿਸ ਨੇ ਰਾਜਪਾਲ ਬਨਵਾਲੀ ਲਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਆਮਦ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਹੈ। ਐਤਵਾਰ ਨੂੰ ਸਟੇਸ਼ਨ ਦੇ ਬਾਹਰ ਬੈਰੀਕੇਡਿੰਗ ਕੀਤੀ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ। ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵੀ ਚੌਕਸ ਹਨ।