Punjab Police will provide free food : ਚੰਡੀਗੜ੍ਹ : ਪੰਜਾਬ ਵਿੱਚ ਰਹਿੰਦੇ ਗਰੀਬ ਅਤੇ ਕਮਜ਼ੋਰ ਕੋਵਿਡ ਮਰੀਜ਼ਾਂ ਦੇ ਘਰ ਤੱਕ ਪੰਜਾਬ ਪੁਲਿਸ ਵਿਭਾਗ ਵੱਲੋਂ ਮੁਫਤ ਪਕਿਆ ਹੋਇਆ ਖਾਣਾ ਪਹੁੰਚਾਇਆ ਜਾਵੇਗਾ, ਜਿਸ ਦੇ ਲਈ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੰਗਰ ਹੈਲਪਲਾਈਨ ਨੰਬਰ 181 ਅਤੇ 112 ‘ਤੇ ਕਾਲ ਕਰ ਸਕਦੇ ਹਨ। ਮਨੁੱਖਤਾ ਦੀ ਪਹਿਲ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ ਵਿੱਚ ਐਲਾਨ ਕਰਦਿਆਂ ਕਿਹਾ ਕਿ “ਅਸੀਂ ਪੰਜਾਬ ਵਿੱਚ ਕਿਸੇ ਨੂੰ ਭੁੱਖੇ ਨਹੀਂ ਸੌਣ ਦੇਵਾਂਗੇ।”
ਅਜਿਹੇ ਮਰੀਜ਼ ਦਿਨ ਜਾਂ ਰਾਤ ਵੇਲੇ ਕਿਸੇ ਵੀ ਸਮੇਂ ਇਨ੍ਹਾਂ ਨੰਬਰਾਂ ‘ਤੇ ਕਾਲ ਕਰ ਸਕਦੇ ਹਨ ਅਤੇ ਪੁਲਿਸ ਵਿਭਾਗ ਦੁਆਰਾ ਕੋਵਿਡ ਕਿਚਨਜ਼ ਅਤੇ ਡਿਲਵਰੀ ਬੁਆਏਜ਼ ਦੁਆਰਾ ਉਨ੍ਹਾਂ ਦੇ ਘਰਾਂ ‘ਤੇ ਪਕਾਇਆ ਭੋਜਨ ਮੁਹੱਈਆ ਕਰਾਇਆ ਜਾਵੇਗਾ। ਵਿਭਾਗ ਇਸ ਮੰਤਵ ਲਈ ਅਜਿਹੀਆਂ ਰਸੋਈਆਂ ਅਤੇ ਡਿਲਵਰੀ ਏਜੰਟਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਇਹ ਸਹੂਲਤ ਸ਼ੁੱਕਰਵਾਰ ਤੋਂ ਸਵੇਰੇ 10 ਵਜੇ ਤੋਂ ਚਾਲੂ ਹੋ ਜਾਵੇਗੀ। ਪੰਜਾਬ ਵਿਚ ਕਿਤੇ ਵੀ ਰਹਿਣ ਵਾਲੇ ਗਰੀਬ ਕੋਵਿਡ ਮਰੀਜ਼ ਅਤੇ ਖਾਣਾ ਮੰਗਵਾਉਣ ਲਈ 24/7 ਦੇ ਅਧਾਰ ‘ਤੇ, ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਪਕੇ ਹੋਏ ਖਾਣੇ ਵਾਸਤੇ 181 ਡਾਇਲ ਕਰਕੇ ਜਾਂ 112 ’ਤੇ ਕਾਲ ਕਰ ਸਕਦੇ ਹਨ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਰਾਜ ਵਿਚ ਗਰੀਬ ਕੋਵਿਡ ਮਰੀਜ਼ਾਂ ਲਈ ਪਕੇ ਹੋਏ ਖਾਣੇ ਲਈ ਪੰਜਾਬ ਪੁਲਿਸ ਦੁਆਰਾ ਚੁੱਕੇ ਗਏ ਉਪਰਾਲੇ ‘ਤੇ ਮਾਣ ਜ਼ਾਹਰ ਕੀਤਾ।
ਪਹਿਲੀ ਲਹਿਰ ਦੇ ਦੌਰਾਨ ਵੀ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ, ਪੰਜਾਬ ਪੁਲਿਸ ਨੇ ਆਪਣੀ 112 ਐਮਰਜੈਂਸੀ ਹੈਲਪਲਾਈਨ ਨੂੰ’ ਹੰਗਰ ਹੈਲਪਲਾਈਨ ਵਿੱਚ ਬਦਲ ਦਿੱਤਾ ਸੀ। ਵਿਭਾਗ ਨੇ ਐਨ.ਜੀ.ਓ.ਸ., ਗੁਰਧਾਮਾਂ, ਮੰਦਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਸਰਗਰਮ ਸਹਿਯੋਗ ਨਾਲ ਪਿਛਲੇ ਸਾਲ ਅਪ੍ਰੈਲ-ਜੂਨ ਵਿਚ 12 ਕਰੋੜ ਤੋਂ ਵੱਧ ਪਕਾਏ ਗਏ ਖਾਣੇ ਅਤੇ ਸੁੱਕੇ ਰਾਸ਼ਨ ਦੀ ਸਫਲਤਾਪੂਰਵਕ ਸੇਵਾ ਕੀਤੀ ਸੀ। ਬਹੁਤ ਸਾਰੇ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਜੇਬਾਂ ਵਿਚੋਂ ਯੋਗਦਾਨ ਪਾਇਆ ਸੀ ਅਤੇ ਇਸ ਮਕਸਦ ਲਈ ਪੁਲਿਸ ਲਾਈਨਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਮਕਾਨਾਂ ਵਿੱਚ ਕਮਿਊਨਿਟੀ ਕਿਚਨ ਸਥਾਪਤ ਕੀਤੇ ਸਨ।