26 people injured : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਾਵੇਂ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੇ ਖੂਬ ਪਟਾਕੇ ਚਲਾਏ ਅਤੇ ਇਸ ਦਰਮਿਆਨ ਪਟਾਕਿਆਂ ਨਾਲ 26 ਲੋਕ ਜ਼ਖਮੀ ਵੀ ਹੋ ਗਏ ਤੇ ਹਸਪਤਾਲ ਪੁੱਜੇ। ਇਨ੍ਹਾਂ ‘ਚੋਂ 9 ਗੰਭੀਰ ਮਰੀਜ਼ਾਂ ਦਾ ਪੀ. ਜੀ. ਆਈ. ਵਿਖੇ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਜਦੋਂ ਕਿ 7 ਹੋਰ ਪੀਜੀਆਈ ਦੇ ਐਡਵਾਂਸ ਟਰੌਮਾ ਸੈਂਟਰ ‘ਚ ਦਾਖਲ ਹਨ। PGI ‘ਚ ਭਰਤੀ 9 ਮਰੀਜ਼ਾਂ ‘ਚੋਂ ਚੰਡੀਗੜ੍ਹ ਦਾ ਸਿਰਫ ਇੱਕ ਹੀ ਮਰੀਜ਼ ਹੈ ਜੋ ਰਾਮ ਦਰਬਾਰ ਨਿਵਾਸੀ 20 ਸਾਲ ਦਾ ਨੌਜਵਾਨ ਹੈ। ਉਹ ਪਟਾਕਾ ਚਲਾਉਂਦੇ ਸਮੇਂ ਜ਼ਖਮੀ ਹੋ ਗਿਆ। ਪਟਾਕੇ ਦੀ ਚਿੰਗਾਰੀ ਉਸ ਦੀ ਅੱਖ ‘ਚ ਚਲੀ ਗਈ ਜਿਸ ਤੋਂ ਬਾਅਦ ਕਿਸੇ ਤਰ੍ਹਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੀ. ਜੀ. ਆਈ. ਵਿਖੇ ਭਰਤੀ ਕਰਵਾਇਆ।
ਇਸੇ ਤਰ੍ਹਾਂ GMCH-16 ‘ਚ ਦੀਵਾਲੀ ਦੀ ਰਾਤ ਪਟਾਕੇ ਨਾਲ ਜ਼ਖਮੀ ਹੋਏ 17 ਲੋਕ ਇਲਾਜ ਕਰਾਉਣ ਪੁੱਜੇ ਸਨ ਜਿਨ੍ਹਾਂ ‘ਚੋਂ 8 ਲੋਕਾਂ ਦੀ ਅੱਖ ‘ਚ ਸੱਟ ਲੱਗੀ ਹੈ ਜਦੋਂ ਕਿ 9 ਹੋਰ ਸੜ ਗਏ ਸਨ। ਜੀ. ਐੱਮ. ਸੀ. ਐੱਚ.-16 ‘ਚ ਆਏ ਸਾਰੇ ਜ਼ਖਮੀਆਂ ਨੂੰ ਮੁੱਢਲੀ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ। ਰਾਹਤ ਭਰੀ ਖਬਰ ਹੈ ਕਿ ਇਸ ਵਾਰ ਜੀ. ਐੱਮ. ਸੀ. ਐੱਚ.-21 ‘ਚ ਪਟਾਕਿਆਂ ਨਾਲ ਜਖਮੀ ਹੋ ਕੇ ਇੱਕ ਵੀ ਮਰੀਜ਼ ਭਰਤੀ ਨਹੀਂ ਹੋਇਆ। ਪੀ. ਜੀ. ਆਈ. ‘ਚ ਭਰਤੀ 9 ਮਰੀਜ਼ਾਂ ‘ਚੋਂ 1 ਮੋਹਾਲੀ ਤੋਂ ਅਤੇ ਊਨਾ ਦੀ ਇੱਕ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਬਣੀ ਹੋਈ ਹੈ। ਮੋਹਾਲੀ ਦੇ ਨੌਜਵਾਨ ਦਾ ਚਿਹਰਾ ਪਟਾਕੇ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਹੈ। ਉਸ ਨੂੰ ਪਲਾਸਟਿਕ ਸਰਜਰੀ ਲਈ ਆਈ. ਸੀ. ਯੂ. ‘ਚ ਭਰਤੀ ਕੀਤਾ ਗਿਆ ਹੈ ਤੇ ਊਨਾ ਦੀ ਮਹਿਲਾ ਦੇ ਵੀ ਮੂੰਹ ‘ਚ ਵੀ ਜ਼ਖਮ ਹੋਇਆ ਹੈ। ਟਰੌਮਾ ਸੈਂਟਰ ‘ਚ ਉਸ ਦਾ ਆਪ੍ਰੇਸ਼ਨ ਹੋ ਚੁੱਕਾ ਹੈ। ਉਹ ਵੈਂਟੀਲੇਟਰ ‘ਤੇ ਹੈ। ਇਸ ਤੋਂ ਇਲਾਵਾ ਆਈ ਸੈਂਟਰ ‘ਚ ਪਹੁੰਚੇ 7 ਮਰੀਜ਼ਾਂ ‘ਚੋਂ 6 ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹੈ। ਇਨ੍ਹਾਂ ਵਿੱਚੋਂ 4 ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ ਤੇ 3 ਮਰੀਜ਼ਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
7 ਮਰੀਜ਼ਾਂ ‘ਚੋਂ ਚੰਡੀਗੜ੍ਹ,ਪੰਜਾਬ ਦਾ 1-1, ਹਰਿਆਣਾ ਦੇ 2 ਅਤੇ ਹਿਮਾਚਲ ਪ੍ਰਦੇਸ਼ ਦਾ ਇੱਕ ਮਰੀਜ਼ ਸ਼ਾਮਲ ਹੈ। ਆਈ ਸੈਂਟਰ ‘ਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਬਸਾਰਾਜ ਨੇ ਦੱਸਿਆ ਕਿ ਚਾਰ ਮਰੀਜ਼ਾਂ ਦੀ ਸਰਜਰੀ ਹੋ ਚੁੱਕੀ ਹੈ। ਹੋਰ ਤਿੰਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੀ. ਜੀ. ਆਈ. ਸੈਂਟਰ ‘ਚ ਭਰਤੀ 7 ਮਰੀਜ਼ਾਂ ‘ਚੋਂ 5 ਅਜਿਹੇ ਹਨ ਜੋ ਦੂਰ ਤੋਂ ਆਤਿਸ਼ਬਾਜ਼ੀ ਦੇਖ ਰਹੇ ਹਨ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਈ ਗੇਟ ‘ਤੇ ਖੜ੍ਹਾ ਹੋ ਕੇ ਆਤਿਸ਼ਬਾਜ਼ੀ ਦੇਖ ਰਿਹਾ ਸੀ ਕਿ ਇਸ ਦੌਰਾਨ ਪਟਾਕੇ ਦੀ ਚਿੰਗਾਰੀ ਉਸ ਦੀ ਅੱਖ ‘ਚ ਪੈ ਗਈ।