A fire broke : ਚੰਡੀਗੜ੍ਹ ‘ਚ ਸ਼ੁੱਕਰਵਾਰ ਸਵੇਰੇ ਭਿਆਨਕ ਸੜਕ ਹਾਦਸਾ ਹੋ ਗਿਆ। ਸੈਕਟਰ-28 ਤੇ 29 ‘ਚ ਲਾਈਟ ਪੁਆਇੰਟਸ ‘ਤੇ ਹੌਂਡਾ ਸਿਟੀ ਕਾਰ ਅਤੇ ਬਲੇਨੋ ਵਿਚ ਜ਼ਬਰਦਸਤ ਟੱਕਰ ਤੋਂ ਬਾਅਦ ਇੱਕ ਕਾਰ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਕਾਰ ‘ਚ ਜ਼ਿੰਦਾ ਸੜ ਜਾਣ ਨਾਲ ਮੌਤ ਹੋ ਗਈ ਜਦੋਂ ਕਿ 2 ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ।
ਚੰਡੀਗੜ੍ਹ ਨੰਬਰ ਹੌਂਡਾ ਕਾਰ CH01AF-1144 ਤੇ ਹਰਿਆਣਾ ਨੰਬਰ ਬਲੇਨੋ ਕਾਰ HR10 14371 ਵਿਚਕਾਰ ਟੱਕਰ ਹੋਈ। ਇਸ ਦਰਦਨਾਕ ਹਾਦਸੇ ‘ਚ ਕਾਰ ਸਵਾਰ ਤੇ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ। ਘਟਨਾ ਲਗਭਗ ਸਵੇਰੇ 5 ਵਜੇ ਵਾਪਰੀ। ਕਾਰ ‘ਚ 3 ਵਿਅਕਤੀ ਸਨ ਜੋ ਗੁਰਦਾਸਪੁਰ ਤੋਂ ਚੰਡੀਗੜ੍ਹ ਵਿਖੇ ਘੁੰਮਣ ਲਈ ਆਏ ਸਨ। ਹਾਦਸੇ ਦੌਰਾਨ ਕਾਰ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ ਤੇ ਕਾਰ ‘ਚ ਸਵਾਰ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ GMCH-32 ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਟੀਮ ਮੌਕੇ ‘ਤੇ ਪੁੱਜੀ। ਬਹੁਤ ਮੁਸ਼ਕਲ ਨਾਲ ਅੱਗ ਬੁਝਾਈ ਗਈ। ਇਸ ਤੋਂ ਪਹਿਲਾਂ ਵੀ ਵੀਰਵਾਰ ਨੂੰ ਪੰਚਕੂਲਾ ਦੇ ਬਰਵਾਲਾ ਹਾਈਵੇ ਦੇ ਨੇੜੇ ਵੀ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ ਜਿਸ ‘ਚ ਚੱਲਦੀ ਕਾਰ ‘ਚ ਅੱਗ ਲੱਗਣ ਨਾਲ ਚਾਲਕ ਗੱਡੀ ਦੇ ਅੰਦਰ ਹੀ ਜ਼ਿੰਦਾ ਸੜ ਗਿਆ ਸੀ। ਟ੍ਰਾਈਸਿਟੀ ਦੇ ਅੰਦਰ ਬੀਤੇ 10 ਘੰਟਿਆਂ ‘ਚ ਇੱਕ ਹੀ ਤਰ੍ਹਾਂ ਦਾ ਦੂਸਰਾ ਹਾਦਸਾ ਸਾਹਮਣੇ ਆਇਆ ਹੈ।