Chandigarh Administration’s : ਚੰਡੀਗੜ੍ਹ : ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਜਿਸ ਅਧੀਨ ਦਿੱਲੀ ਤੇ NCR ਤੋਂ ਆਉਣ ਵਾਲੇ ਲੋਕਾਂ ਤੋਂ 6 ਫੁੱਟ ਦੀ ਦੂਰੀ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਇਸ ਦੇ ਨਾਲ ਹੀ ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਘਰ ‘ਚ ਹੀ ਮਾਸਕ ਪਾਉਣ ਲਈ ਹੁਕਮ ਦਿੱਤੇ ਹਨ। ਘੱਟ ਤੋਂ ਘੱਟ ਲੋਕਾਂ ਦੇ ਸੰਪਰਕ ‘ਚ ਆਉਣ ਦੀ ਅਪੀਲ ਵੀ ਕੀਤੀ ਗਈ ਹੈ। ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਆਪਣੇ ਕੰਮ ਕਰਨ ਵਾਲੀ ਥਾਂ ‘ਤੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਵਿਅਕਤੀ ‘ਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਉਸ ਨੂੰ ਕੋਰੋਨਾ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ-16 ਦੇ GMCH ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-22 ਤੇ ਸਿਵਲ ਹਸਪਤਾਲ ਸੈਕਟਰ-45 ‘ਚ ਮੁਫਤ ਟੈਸਟ ਦੀ ਸਹੂਲਤ ਵੀ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਟੈਸਟ ਕਰਵਾਉਣ ‘ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਹੋਵੇ। ਜੋ ਲੋਕ ਬੱਸ ਰਾਹੀਂ ਦਿੱਲੀ ਆਉਣਗੇ ਉਨ੍ਹਾਂ ਲਈ ਸੈਕਟਰ-17 ਬੱਸ ਸਟੈਂਡ ‘ਤੇ ਹੀ ਮੁਫਤ ਟੈਸਟਿੰਗ ਦੀ ਸਹੂਲਤ ਉਪਲਬਧ ਹੋਵੇਗੀ।
ਕੋਰੋਨਾ ਮਰੀਜ਼ਾਂ ਦੀ ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਮੌਤ ਦਰ ਰਾਸ਼ਟਰੀ ਔਸਤ ਤੋਂ ਵੱਧ ਦਰਜ ਕੀਤੀ ਗਈ ਹੈ। ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਇਸ ਸੂਚੀ ‘ਚ ਟੌਪ-10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਚੰਡੀਗੜ੍ਹ ਤੇ ਦਿੱਲੀ ਸ਼ਾਮਲ ਹੈ। ਸਿਹਤ ਮੰਤਰਾਲੇ ਮੁਤਾਬਕ ਚੰਡੀਗੜ੍ਹ ‘ਚ ਕੋਰੋਨਾ ਨਾਲ ਮੌਤ ਦਰ 1.57 ਫੀਸਦੀ ਦਰਜ ਕੀਤੀ ਗਈ ਹੈ ਜੋ ਕਿ ਰਾਸ਼ਟਰੀ ਔਸਤ ਤੋਂ 0.10 ਫੀਸਦੀ ਵੱਧ ਹੈ। ਦਿੱਲੀ ‘ਚ ਵੀ ਕੋਰੋਨਾ ਨਾਲ ਮੌਤ ਦਰ 1.57 ਫੀਸਦੀ ਦਰਜ ਕੀਤੀ ਗਈ ਹੈ।ਇਸੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਦਰ ਨੂੰ ਘਟਾਇਆ ਜਾ ਸਕੇ।