Former SOPU state : ਚੰਡੀਗੜ੍ਹ ਵਿਖੇ ਸਟੂਡੈਂਟ ਆਫ ਪੰਜਾਬ ਯੂਨੀਵਰਿਸਟੀ (ਸੋਪੂ) ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ‘ਤੇ 3 ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਵਾਰਦਾਤ ਵਾਪਰੀ ਉਸ ਸਮੇਂ ਗੁਰਲਾਲ ਬਰਾੜ ਇੰਡਸਟਰੀਅਲ ਏਰੀਆ ਦੇ ਇੱਕ ਕਲੱਬ ਬਾਹਰ ਗੱਡੀ ‘ਚ ਬੈਠ ਕੇ ਕਿਸੇ ਵਿਅਕਤੀ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਿਸੇ ਜਾਣਕਾਰ ਦੀ ਜਨਮ ਦਿਨ ਪਾਰਟੀ ‘ਤੇ ਜਾਣਾ ਸੀ।
ਗੁਰਲਾਲ ਬਰਾੜ ਨੇ 2015 ‘ਚ ਪੰਜਾਬ ਯੂਨੀਵਰਿਸਟੀ ਤੋਂ SOPU ਵੱਲੋਂ ਚੋਣਾਂ ਲੜੀਆਂ ਸਨ ਤੇ ਉਹ ਆਮ ਤੌਰ ਕਲੱਬਾਂ ‘ਚ ਜਾਂਦਾ ਸੀ। ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਦੌਰਾਨ ਗੁਰਲਾਲ ਬਰਾੜ ‘ਤੇ 3 ਗੋਲੀਆਂ ਚਲਾਈਆਂ ਜਿਨ੍ਹਾਂ ‘ਚੋਂ 3 ਗੋਲੀਆਂ ਉਸ ਨੂੰ ਲੱਗੀਆਂ। ਸਾਰੀ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ‘ਤੇ ਪੁੱਜੀ ਤੇ ਗੁਰਲਾਲ ਬਰਾੜ ਨੂੰ ਪੀ. ਜੀ. ਆਈ. ਵਿਖੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਗੁਰਲਾਲ ਬਰਾੜ ਦੀ ਮੌਤ ਹੋ ਗਈ।
ਪੁਲਿਸ ਹੁਣ ਹਰ ਪਹਿਲੂ ‘ਤੇ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਕਤਲ ਕਿਉਂ ਕੀਤਾ ਗਿਆ? ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਾ ਲੱਗਾ ਹੈ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਰਿਹਾ ਹੈ। ਪੁਲਿਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਦੋਸ਼ੀ ਕਿਸ ਵਾਹਨ ‘ਤੇ ਆਏ ਸਨ।