Large city kirtan : ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੰਡੀਗੜ੍ਹ ‘ਚ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਇਹ ਨਗਰ ਕੀਰਤਨ ਸੈਕਟਰ-19 ਦੇ ਗੁਰਦਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਸੈਕਟਰ-15 ਦੇ ਗੁਰਦੁਆਰਾ ਸਾਹਿਬ ‘ਚ ਸੰਪੂਰਨ ਹੋਇਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ਼ੁਰੂ ਹੋਇਆ। ਵੱਡੀ ਗਿਣਤੀ ‘ਚ ਸੰਗਤ ਨਗਰ ਕੀਰਤਨ ‘ਚ ਨਾਲ-ਨਾਲ ਚੱਲ ਰਹੀ ਸੀ। ਪਾਲਕੀ ਸਾਹਿਬ ਨੂੰ ਆਕਰਸ਼ਕ ਤਰੀਕੇ ਨਾਲ ਸਜਾਇਆ ਗਿਆ। ਇਸਤਰੀ ਸਤਿਸੰਗ ਸਭਾ ਕੀਰਤਨ ਕਰਦੇ ਹੋਏ ਚੱਲ ਰਹੀ ਸੀ।
ਪਾਲਕੀ ਸਾਹਿਬ ਦੇ ਰੱਸੇ ਆਪਣੇ ਹੱਥਾਂ ਨਾਲ ਖਿੱਚਣ ਦੀ ਸੰਗਤ ‘ਚ ਦੌੜ ਲੱਗੀ ਰਹੀ। ਥਾਂ-ਥਾਂ ‘ਤੇ ਨਗਰ ਕੀਰਤਨ ਦਾ ਵਿਸ਼ਾਲ ਸਵਾਗਤ ਹੋਇਆ। ਇੱਕ ਥਾਲ ਸਜਾ ਕੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਸੰਗਤ ‘ਚ ਵੰਡੀਆਂ ਗਈਆਂ। ਗਤਕਾ ਦੇ ਕਰਤੱਬ ਵੀ ਦਿਖਾਏ ਗਏ। ਸੈਕਟਰ-19 ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਨੂੰ ਧਿਆਨ ‘ਚ ਰੱਖਦੇ ਹੋਏ ਸਮਾਜਿਕ ਦੂਰੀ ਦਾ ਪਾਲਣ ਕੀਤਾ ਗਿਆ ਤੇ ਸੈਨੇਟਾਈਜਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸੇ ਤਰ੍ਹਾਂ ਮਨੀਮਾਜਰਾ ‘ਚ ਵੀ ਸ੍ਰੀ ਗੁਰਪੁਰਬ ਦੇ ਮੌਕੇ ‘ਤੇ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਮਨੀਮਾਜਰਾ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੇ ਹੋਏ ਪੁਣੇ ਗੁਰਦੁਆਰੇ ‘ਚ ਸੰਪੰਨ ਹੋਇਆ। ਇਸ ਮੌਕੇ ਜਗਤਾਰ ਸਿੰਘ ਜੱਗਾ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਸਨ। ਸ਼ਰਧਾਲੂਆਂ ਨੇ ਥਾਂ-ਥਾਂ ‘ਤੇ ਦੁੱਧ ਦੀਆਂ ਛਬੀਲਾਂ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸਿੱਖ ਸ਼ਰਧਾਲੂਆਂ ਦੇ ਮਨਾਂ ‘ਚ ਨਗਰ ਕੀਰਤਨ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਗਿਆ। ਇਥੇ ਦੱਸਣਯੋਗ ਹੈ ਕਿ ਬਾਬੇ ਨਾਨਕ ਦੇ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਜੱਥਾ ਵੀ ਅੱਜ ਪਾਕਿਸਤਾਨ ਵਿਖੇ ਪੁੱਜ ਗਿਆ ਹੈ। ਭਾਵੇਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਕੱਢਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਫਿਰ ਵੀ ਕੋਰੋਨਾ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਤੋਂ ਪਾਲਣਾ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ।