Manimajra former SHO surrenders : ਰਿਸ਼ਵਤ ਮਾਮਲੇ ਵਿਚ ਦੋਸ਼ੀ ਪਾਈ ਗਈ ਮਨੀਮਾਜਰਾ ਦੀ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਨੇ ਅੱਜ ਸ਼ਨੀਵਾਰ ਨੂੰ ਸਪੈਸ਼ਲ ਸੀਬੀਆਈ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਹੈ। ਹਾਲਾਂਕਿ ਜਸਵਿੰਦਰ ਕੌਰ ਵੱਲੋਂ ਪੇਸ਼ ਹੋਏ ਵਕੀਲ ਤਰਮਿੰਦਰ ਸਿੰਘ ਨੇ ਸਪੈਸ਼ਲ ਸੀਬੀਆਈ ਕੋਰਟ ਵਿਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਹੈ ਕਿ ਸਾਬਕਾ ਐਸਐਚਓ ਦੀ ਮੈਡੀਕਲ ਜਾਂਚ ਕਰਵਾਉਣ ਦੇ ਨਾਲ ਕੋਰੋਨਾ ਟੈਸਟ ਵੀ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕਿਹਾ ਹੈ ਕਿ ਅਦਾਲਤ ਵੱਲੋਂ ਜਾਂਚ ਅਧਿਕਾਰੀ ਨੂੰ ਜਸਵਿੰਦਰ ਕੌਰ ਨੂੰ ਮਿਲਣ ਦੀ ਹਿਦਾਇਤ ਦਿੱਤੀ ਜਾਵੇ।
ਦੱਸਣਯੋਗ ਹੈ ਕਿ ਬੀਤੀ 26 ਜੂਨ ਨੂੰ ਮਨੀਮਾਜਰਾ ਦੇ ਹੀ ਰਹਿਣ ਵਾਲੇ ਗੁਰਦੀਪ ਸਿੰਘ ਵੱਲੋਂ ਸੀਬੀਆਈ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ 10 ਜੂਨ ਨੂੰ ਥਾਣਾ ਮਨੀਮਾਜਰਾ ਦੀ ਮੁਖੀ ਜਸਵਿੰਦਰ ਕੌਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਰਣਧੀਰ ਸਿੰਘ ਨਾਮ ਦੇ ਵਿਅਕਤੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਵਾਉਣ ਲਈ 27 ਲੱਖ ਰੁਪਏ ਲੈਣ ਸਬੰਧੀ ਸ਼ਿਕਾਇਤ ਆਈ ਹੈ। ਉਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੰਸਪੈਕਟਰ ਜਸਵਿੰਦਰ ਕੌਰ ਨੇ ਉਸ ’ਤੇ ਕੇਸ ਦਰਜ ਨਾ ਕਰਨ ਬਦਲੇ ਪੰਜ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਸੀ। ਪੰਜ ਲੱਖ ਵਿੱਚੋਂ ਪਹਿਲੀ ਕਿਸ਼ਤ ਗੁਰਦੀਪ ਸਿੰਘ ਨੇ ਵਿਚੋਲੇ ਭਗਵਾਨ ਸਿੰਘ ਨੂੰ ਸੰਗਰੂਰ ਵਿੱਚ ਦੇ ਦਿੱਤੀ ਸੀ ਪਰ ਇਸ ਤੋਂ ਬਾਅਦ ਜਦੋਂ ਉਹ ਦੂਜੀ ਕਿਸ਼ਤ 29 ਜੂਨ ਦੀ ਰਾਤ ਨੂੰ ਦੇਣ ਲਈ ਪਹੁੰਚਿਆ ਤਾਂ ਸੀਬੀਅਈ ਨੇ ਟਰੈਪ ਲਗਾ ਕੇ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਅਗਲੇ ਦਿਨ ਹੀ ਇੰਸਪੈਕਟਰ ਜਸਵਿੰਦਰ ਕੌਰ ਫ਼ਰਾਰ ਹੋ ਗਈ ਸੀ। ਜਸਵਿੰਦਰ ਕੌਰ ਨੂੰ ਫੋਨ ’ਤੇ ਸੰਪਰਕ ਕਰਕੇ ਸੀਬੀਆਈ ਦੇ ਦਫ਼ਤਰ ਵਿੱਚ ਜਾਂਚ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ 30 ਜੂਨ ਤੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਇਸ ’ਤੇ ਵੱਲੋਂ ਸਾਬਕਾ ਥਾਣਾ ਮੁਖੀ ਦੇ ਗੈਰਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ।