PGI Chandigarh OPD : ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ‘ਚ ਓਪੀਡੀ 2 ਨਵੰਬਰ ਤੋਂ ਸ਼ੁਰੂ ਹੋਵੇਗੀ। ਪੀ. ਜੀ. ਆਈ. ਪ੍ਰਸ਼ਾਸਨ ਨੇ ਬੈਠਕ ਕਰਕੇ ਇਹ ਫੈਸਲਾ ਲਿਆ ਹੈ। ਇੱਕ ਓਪੀਡੀ ‘ਚ 50 ਮਰੀਜ਼ ਹੀ ਦੇਖੇ ਜਾਣਗੇ। ਉਨ੍ਹਾਂ ਮਰੀਜ਼ਾਂ ਨੂੰ ਟੈਲੀਕੰਸਲਟੇਸ਼ਨ ‘ਚ ਦਿੱਤੇ ਗਏ ਨੰਬਰਾਂ ਤੋਂ ਅਪਾਇੰਟਮੈਂਟ ਮਿਲੇਗਾ। ਪੀਜੀਆਈ ਦੇ ਬੁਲਾਰੇ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਦੇ ਸਾਰੇ ਨਿਯਮਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਇੱਕ ਵਿਭਾਗ ‘ਚ ਇੱਕ ਦਿਨ ‘ਚ 50 ਮਰੀਜ਼ ਦੇਖੇ ਜਾਣਗੇ।
ਹੌਲੀ-ਹੌਲੀ ਮਰੀਜ਼ਾਂ ਦੀ ਗਿਣਤੀ ਵਧਾਈ ਜਾਵੇਗੀ। ਡਾ. ਅਸ਼ੋਕ ਨੇ ਦੱਸਿਆ ਕਿ OPD ਸੰਚਾਲਨ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨਾਲ ਓਪੀਡੀ ‘ਚ ਕਿਸੇ ਤਰ੍ਹਾਂ ਦੀ ਅਵਿਵਸਥਾ ਨਾ ਹੋ ਸਕੇ। ਕੋਵਿਡ-19 ਕਾਰਨ ਮਾਰਚ ਤੋਂ ਪੀ. ਜੀ. ਆਈ. ਦੀ ਓਪੀਡੀ ਬੰਦ ਹੈ ਜਿਸ ਕਾਰਨ ਚੰਡੀਗੜ੍ਹ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਲੱਖਾਂ ਮਰੀਜ਼ਾਂ ਦਾ ਇਲਾਜ ਰੁਕਿਆ ਪਿਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕਿ ਮਰੀਜ਼ਾਂ ਨੂੰ ਪੀਜੀਆਈ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਕੰਸਲਟੇਸ਼ਨ ਨੰਬਰ ‘ਤੇ ਸੰਪਰਕ ਕਰਕੇ ਪਹਿਲਾਂ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ।
ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ 2 ਨਵੰਬਰ ਤੋਂ ਪੀਜੀਆਈ ‘ਚ ਜਿਸ ਤਰ੍ਹਾਂ ਦੇ ਫਿਜ਼ੀਕਲੀ ਓਪੀਡੀ ਸ਼ੁਰੂ ਹੋ ਰਹੀ ਹੈ ਅਜਿਹੇ ‘ਚ ਓਪੀਡੀ ‘ਚ ਆਪਣੇ ਇਲਾਜ ਲਈ ਆਉਣ ਵਾਲੇ ਹਰ ਮਰੀਜ਼ ਨੂੰ ਮੂੰਹ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਤੇ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ‘ਚ ਹੱਡੀਆਂ ਨਾਲ ਜੁੜੇ ਰੋਗਾਂ ਦੀ ਓਪੀਡੀ, ਚਮੜੀ ਨਾਲ ਜੁੜੇ ਰੋਗਾਂ ਦੀ ਓਪੀਡੀ, ਮਹਿਲਾ ਰੋਗ ਨਾਲ ਜੁੜੀ ਓਪੀਡੀ, ਅੱਖਾਂ ਦੀ ਓਪੀਡੀ ਤੇ ਦਿਲ ਨਾਲ ਸਬੰਧਤ ਰੋਗ ਨਾਲ ਜੁੜੀ ਓਪੀਡੀ ਤੇ ਈਐੱਨ. ਟੀ. ਵਿਭਾਗ ਦੀ ਫਿਜ਼ੀਕਲ ਓਪੀਡੀ ਸ਼ੁਰੂ ਕੀਤੀ ਜਾ ਰਹੀ ਹੈ।