Policeman took the dance teacher : ਚੰਡੀਗੜ੍ਹ ਦੇ ਧਨਾਸ ਵਿੱਚ ਕੋਰੋਨਾ ਕਾਲ ਦੌਰਾਨ ਕੰਮ ਬੰਦ ਹੋਣ ਕਾਰਨ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇਕ ਡਾਂਸ ਟੀਚਰ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਦੋਸ਼ ਹੈ ਕਿ ਪੁਲਿਸ ਨੇ ਉਸ ਨੂੰ ਆਪਣੀ ਨਿੱਜੀ ਕਾਰ ਵਿੱਚ ਲਿਜਾ ਕੇ ਫਿਰ ਇਕ ਕਮਰੇ ਵਿੱਚ ਲਿਜਾ ਕੇ ਵੀ ਡੰਡਿਆਂ ਨਾਲ ਕੁੱਟਿਆ। ਇਸ ਦੌਰਾਨ ਇਲਾਕੇ ਦੇ ਬਹੁਤ ਸਾਰੇ ਲੋਕ ਇਕੱਠਾ ਹੋ ਗਏ। ਪੁਲਿਸ ਵੱਲੋਂ ਡਾਂਸ ਟੀਚਰ ਨੂੰ ਕੁੱਟਦੇ ਹੋਇਆਂ ਦੀ ਕੁਝ ਲੋਕਾਂ ਵੱਲੋਂ ਵੀਡੀਓ ਬਣਾ ਲਈ ਗਈ, ਜੋਕਿ ਵਾਇਰਲ ਹੋ ਗਈ ਹੈ।
ਡਾਂਸ ਟੀਚਰ 28 ਸਾਲਾ ਲੱਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਧਨਾਸਦੇ ਮਕਾਨ ਨੰਬਰ 503 ਵਿੱਚ ਆਪਣੀ ਪਤਨੀ ਅਤੇ ਬੇਟੇ ਨਾਲ ਰਹਿੰਦਾ ਹੈ। ਉਹ ਕੋਰੋਨਾ ਕਾਲ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ-79 ’ਚ ਬੱਚਿਆਂ ਨੂੰ ਡਾਂਸ ਸਿਖਾਉਂਦਾ ਸੀ। ਪਰ ਲੌਕਡਾਊਨ ਦੇ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਉਸ ਦਾ ਸਾਰਾ ਕੰਮ-ਧੰਦਾ ਬੰਦ ਹੋ ਗਿਆ। ਘਰ ਦਾ ਖਰਚਾ ਚਲਾਉਣ ਲਈ ਕੁਝ ਦਿਨ ਪਹਿਲਾਂ ਹੀ ਉਸ ਨੇ ਸਬਜ਼ੀ ਦੀ ਰੇਹੜੀ ਲਗਾਉਣੀ ਸ਼ੁਰੂ ਕੀਤੀ ਸੀ।
ਵੀਰਵਾਰ ਸ਼ਾਮ ਨੂੰ ਲਗਭਗ 6 ਵਜੇ ਉਹ ਆਪਣੇ ਘਰ ਦੇ ਕੋਲ ਹੀ ਰੇਹੜੀ ਲਗਾ ਕੇ ਸਬਜ਼ੀ ਵੇਚ ਰਿਹਾ ਸੀ। ਉਸ ਨੇ ਦੋਸ਼ ਲਗਾਇਆ ਕਿ ਇਕ ਸਟਾਰ ਵਾਲੇ ਪੁਲਿਸ ਮੁਲਾਜ਼ਮ ਨੇ ਰੇਹੜੀ ਨੂੰ ਦੂਸਰੀ ਜਗ੍ਹਾ ਲਗਾਉਣ ਲਈ ਕਿਹਾ। ਇਸ ’ਤੇ ਉਸ ਨੇ ਥੋੜ੍ਹੀ ਦੂਰੀ ’ਤੇ ਆਪਣੀ ਰੇਹੜੀ ਲਗਾ ਲਈ। ਇਸੇ ਦੌਰਾਨ ਪੁਲਿਸ ਵਾਲੇ ਨੇ ਉਸ ਨੂੰ ਥੱਪਰ ਮਾਰ ਦਿੱਤਾ। ਜਦੋਂ ਉਸ ਨੇ ਬਿਨਾਂ ਗੱਲ ਦੇ ਥੱਪੜ ਮਾਰਨ ’ਤੇ ਪੁਲਿਸ ਵਾਲੇ ਦਾ ਵਿਰੋਧ ਕੀਤਾ ਤਾਂ ਉਸ ਨੇ ਕਿਹਾ ਕਿ ਜੇ ਤੂੰ ਜ਼ਿਆਦਾ ਤੂੰ-ਤੂੰ ਮੈਂ-ਮੈਂ ਕਰੇਂਗਾ ਤਾਂ ਤੇਰੇ ਖਿਲਾਫ ਪਰਚਾ ਕਰ ਦਿਆਂਗਾ। ਫਿਰ ਉਹ ਉਸ ਨੂੰ ਆਪਣੀ ਨਿੱਜੀ ਕਾਰ ਵਿੱਚ ਬਿਠਾ ਕੇ ਲੈ ਗਿਆ ਅਤੇ ਇਕ ਕਮਰੇ ਵਿੱਚ ਲਿਜਾ ਕੇ ਲੱਤਾਂ, ਘਸੁੰਨਾਂ ਅਤੇ ਡੰਡਿਆਂ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਥਾਣਾ ਇੰਚਾਰਜ ਨੇ ਇਥੋਂ ਤੱਕ ਕਿਹਾ ਕਿ ਇਹ ਲੋਕ ਇਸੇ ਵਤੀਰੇ ਦਾ ਲਾਇਕ ਹਨ, ਜੇਕਰ ਅਜਿਹਾ ਨਹੀਂ ਕਰਾਂਗੇ ਤਾਂ ਇਹ ਸਿਰ ’ਤੇ ਬੈਠ ਜਾਣਗੇ।