Shots fired outside : ਚੰਡੀਗੜ੍ਹ ਵਿਖੇ ਦੋ ਵੱਖ-ਵੱਖ ਥਾਵਾਂ ‘ਤੇ ਗੈਂਗਵਾਰ ‘ਚ ਤਾਬੜਤੋੜ ਗੋਲੀਆਂ ਚੱਲੀਆਂ ਜਿਸ ‘ਚ ਇੱਕ ਘਟਨਾ ਦੌਰਾਨ ਲਾਰੈਂਸ ਬਿਸ਼ਨੋਈ ਦੇ ਨੇੜਲੇ ਸੋਪੂ ਨੇਤਾ ਗੁਰਲਾਲ ਬਰਾੜ ਦੀ ਹੱਤਿਆ ਹੋ ਗਈ ਤੇ ਦੂਜੇ ਗੋਲੀਕਾਂਡ ‘ਚ ਜ਼ੀਰਕਪੁਰ ਦਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਦੋਵੇਂ ਮਾਮਲਿਆਂ ‘ਚ ਅਜੇ ਤੱਕ ਪੁਲਿਸ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਦੂਜੇ ਪਾਸੇ ਸੈਕਟਰ-9 ਵਿਖੇ ਇੱਕ ਕਲੱਬ ‘ਚ ਦੇਰ ਰਾਤ ਪਾਰਟੀ ਦੌਰਾਨ ਝਗੜੇ ‘ਚ ਦੋਸ਼ੀਆਂ ਨੇ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ‘ਚ ਜ਼ਖਮੀ ਨੌਜਵਾਨ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਤੇ ਉਸ ਦੀ ਪਛਾਣ ਸੌਰਵ ਗੁਰਜਰ ਵਜੋਂ ਹੋਈ ਹੈ ਤੇ ਉਹ ਜ਼ੀਰਕਪੁਰ ਵਿਖੇ ਪ੍ਰੀਤ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਪਹਿਲਾਂ ਟਿਕ-ਟੌਕ ਦਾ ਸਟਾਰ ਰਹਿ ਚੁੱਕਾ ਹੈ। ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਸੌਰਵ ਦੀ ਕਲੱਬ ਦੇ ਅੰਦਰ ਹੀ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ ਤੇ ਝਗੜਾ ਡਾਂਸ ਫਲੋਰ ‘ਤੇ ਕਿਸੇ ਗੱਲ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ। ਜਦੋਂ ਸੌਰਵ ਫੋਨ ਸੁਣਨ ਲਈ ਕਲੱਬ ਤੋਂ ਬਾਹਰ ਆਇਆ ਤਾਂ ਕੁਝ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾਈਆਂ ਜਿਨ੍ਹਾਂ ‘ਚੋਂ ਇੱਕ ਗੋਲੀ ਉਸ ਦੀ ਲੱਤ ‘ਚ ਲੱਗੀ, ਜਿਸ ਦਰਮਿਆਨ ਸੌਰਵ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਪੀ. ਜੀ. ਆਈ. ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਦੋ ਕੁੜੀਆਂ ਤੋਂ ਇਸ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਝਗੜਾ ਕਿਸ ਗੱਲ ਨੂੰ ਲੈਕੇ ਹੋਇਆ ਸੀ। ਬਾਰ ਦੇ ਸੰਚਾਲਕਾਂ ਨੇ ਦੱਸਿਆ ਕਿ ਸੌਰਵ ਲਗਭਗ 10.30 ਵਜੇ ਬਾਰ ਆਇਆ ਤੇ ਜਦੋਂ ਉਹ ਫੋਨ ਕਰਨ ਲਈ ਬਾਹਰ ਗਿਆ ਤਾਂ ਉਸ ਦੇ ਗੋਲੀਆਂ ਲੱਗੀਆਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਦੇ ਪਿੱਛੇ ਮੋਵਿਜ਼ ਨਾਂ ਦੇ ਵਿਅਕਤੀ ਦੇ ਹੱਥ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।