SIT not satisfied : 29 ਸਾਲ ਪੁਰਾਣਾ IAS ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਕੇਸ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਤੋਂ ਸੋਮਵਾਰ ਨੂੰ ਮਟੌਰ ਥਾਣੇ ‘ਚ ਪੁਲਿਸ ਨੇ 6 ਘੰਟੇ ਪੁੱਛਗਿਛ ਕੀਤੀ। ਇਸ ਦੇ ਬਾਵਜੂਦ SIT ਸਾਬਕਾ ਡੀ. ਜੀ. ਪੀ. ਸੈਣੀ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ। ਹੁਣ ਬੁੱਧਵਾਰ ਨੂੰ ਐੱਸ. ਆਈ. ਟੀ. ਦੁਬਾਰਾ ਪੁੱਛਗਿਛ ਕਰੇਗੀ। SIT ਨੇ ਸੈਣੀ ਨੂੰ ਮੰਗਲਵਾਰ ਨੂੰ ਨਵਾਂ ਨੋਟਿਸ ਭੇਜਿਆ ਹੈ। ਨੋਟਿਸ ਦੀ ਕਾਪੀ ਉਨ੍ਹਾਂ ਨੂੰ ਮੇਲ, ਵ੍ਹਟਸਐਪ ਅਤੇ ਹੋਰ ਸਾਧਨਾਂ ਰਾਹੀਂ ਭੇਜਣ ਦੇ ਨਾਲ ਹੀ ਉਨ੍ਹਾਂ ਦੀ ਕੋਠੀ ‘ਤੇ ਵੀ ਚਿਪਕਾ ਦਿੱਤੀ ਗਈ ਹੈ। ਇਸ ਨੋਟਿਸ ‘ਚ ਸੈਣੀ ਨੂੰ ਦੁਬਾਰਾ ਮਟੌਰ ਥਾਣੇ ‘ਚ SIT ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਸੋਮਵਾਰ ਨੂੰ ਸਾਬਕਾ ਡੀ. ਜੀ. ਪੀ. ਸੈਣੀ ਤੋਂ 6 ਘੰਟੇ ਪੁੱਛਗਿਛ ਦੌਰਾਨ ਐੱਸ. ਆਈ. ਟੀ. ਵੱਲੋਂ ਕੀਤੇ ਗਏ ਸਾਰੇ ਸਵਾਲ ਉਨ੍ਹਾਂ ਲੋਕਾਂ ਦੇ ਬਿਆਨਾਂ ‘ਤੇ ਆਧਾਰਿਤ ਸੀ, ਜੋ ਮਾਮਲੇ ‘ਚ ਸਰਕਾਰੀ ਗਵਾਹ ਬਣ ਗਏ ਸਨ ਪਰ ਮਾਮਲਾ ਪੁਰਾਣਾ ਹੋਣ ਕਾਰਨ ਕਈ ਸਵਾਲ ਤਾਂ ਸੈਣੀ ਲਈ ਹੈਰਾਨ ਕਰਨ ਵਾਲੇ ਸਨ। ਹਾਲਾਂਕਿ ਸੈਣੀ ਨੇ ਐੱਸ. ਆਈ. ਟੀ. ਸਾਹਮਣੇ ਸਾਫ ਕੀਤਾ ਸੀ ਕਿ ਉਹ ਇਸ ਮਾਮਲੇ ‘ਚ ਸ਼ਾਮਲ ਨਹੀਂ ਹੈ। ਉਸ ‘ਤੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ ਇਸ ਸਬੰਧ ‘ਚ ਕੋਈ ਜਾਣਕਾਰੀ ਨਹੀਂ ਹੈ।
ਜਾਂਚ ਸਮੇਂ ਉਨ੍ਹਾਂ ਦੇ ਵਕੀਲ ਵੀ ਥਾਣੇ ‘ਚ ਮੌਜੂਦ ਸੀ ਪਰ ਜਿਸ ਕਮਰੇ ‘ਚ ਸੈਣੀ ਤੋਂ ਪੁੱਛਗਿਛ ਕੀਤੀ ਗਈ ਉਸ ‘ਚ ਉਹ ਨਾਲ ਨਹੀਂ ਜਾ ਸਕੇ ਸਨ। ਇਸ ਪੁੱਛਗਿਛ ਤੋਂ ਬਾਅਦ ਇਹ ਸਾਫ ਹੋ ਗਿਆ ਸੀ ਕਿ SIT ਸੈਣੀ ਤੋਂ ਦੁਬਾਰਾ ਪੁੱਛਗਿਛ ਕਰੇਗੀ। ਹੁਣ ਪੁਲਿਸ ਵੱਲੋਂ ਸੈਣੀ ‘ਤੇ ਪੂਰਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾਂ ‘ਤੇ ਸੋਮਵਾਰ ਨੂੰ ਬੇਅਦਬੀ ਕਾਂਡ ‘ਚ ਵੀ ਕੇਸ ਦਰਜ ਹੋ ਗਿਆ ਹੈ। ਹਾਲਾਂਕਿ ਅਜੇ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਸੁਮੇਧ ਸੈਣੀ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ ਪਰ ਜਦੋਂ ਵੀ ਉਨ੍ਹਾਂ ਨੂੰ ਜਾਂਚ ਲਈ ਬੁਲਾਇਆ ਜਾਂਦਾ ਹੈ ਉਸ ਸਮੇਂ ਥਾਣੇ ਦੇ ਰੂਟ ਤੇ ਹੋਰ ਇਲਾਕਿਆਂ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਂਦੀ ਹੈ।