Terrible fire at : ਅੱਜ ਚੰਡੀਗੜ੍ਹ ਵਿਖੇ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ‘ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਲੱਗੀ ਕਿ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ 3 ਘੰਟੇ ਬਾਅਦ ਵੀ ਉਸ ‘ਤੇ ਕਾਬੂ ਨਹੀਂ ਪਾ ਸਕੀਆਂ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਡੰਪਿੰਗ ਗਰਾਊਂਡ ‘ਚ ਅੱਗ ਲੱਗੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਇਥੇ ਅੱਗ ਲੱਗਦੀ ਰਹੀ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ਕੂੜੇ ਦੇ ਢੇਰ ‘ਚ ਉਪਰ ਲੱਗੀ ਹੈ ਤੇ ਅਜੇ ਕਿਸੇ ਜਾਨੀ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਸੈਕਟਰ-38 ਫਾਇਰ ਸਟੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਲਗਭਗ ਸ਼ਾਮ 4 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਤਰ੍ਹਾਂ ਦੀ ਅੱਗ ਸੀ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ 3.30 ਵਜੇ ਦੇ ਨੇੜੇ-ਤੇੜੇ ਲੱਗੀ ਹੋਵੇਗੀ। ਮੌਕੇ ‘ਤੇ ਪਹਿਲਾਂ ਸੈਕਟਰ-38 ਫਾਇਰ ਸਟੇਸ਼ਨ ਤੋਂ ਦੋ ਗੱਡੀਆਂ ਭੇਜੀਆਂ ਗਈਆਂ। ਅੱਗ ਜ਼ਿਆਦਾ ਹੋਣ ਕਾਰ ਨਸੈਕਟਰ-11, 32, 17 ਫਾਇਰ ਸਟੇਸ਼ਨ ਤੋਂ ਵੀ ਗੱਡੀਆਂ ਭੇਜੀਆਂ ਗਈਆਂ ਹਨ। ਲਗਭਗ ਤਿੰਨ ਘੰਟੇ ਅੱਗ ਬੁਝਾਉਣ ‘ਚ ਲੱਗ ਗਏ ਪਰ ਅਜੇ ਵੀ ਪੂਰੀ ਤਰ੍ਹਾਂ ਤੋਂ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਗ ‘ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ ਤੇ ਇਸ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ। ਅੱਗ ਇੰਨੀ ਜ਼ਿਆਦਾ ਹੈ ਕਿ ਚਾਰੋਂ ਪਾਸੇ ਆਸਮਾਨ ‘ਚ ਕਾਲਾ ਧੂੰਆਂ ਫੈਲ ਗਿਆ ਹੈ। ਸੈਕਟਰ-19 ਤੱਕ ਧੂੰਆਂ ਫੈਲ ਗਿਆ ਸੀ। ਉਥੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭੀੜ ਜਮ੍ਹਾ ਹੋ ਗਈ ਜਿਸ ਕਾਰਨ ਟ੍ਰੈਫਿਕ ਵੀ ਜਾਮ ਹੋ ਗਿਆ। ਏਰੀਆ ਥਾਣਾ ਪੁਲਿਸ ਵੀ ਪੁੱਜੀ ਅਤੇ ਲੋਕਾਂ ਨੂੰ ਉਥੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਗਈ।