The foundation stone : ਚੰਡੀਗੜ੍ਹ : ਪੰਜਾਬ ਦੀ ਪਹਿਲੀ ਸਪੋਰਟਸ ਯੂਨੀਵਰਿਸਟੀ ਦਾ ਪਟਿਆਲਾ ਵਿਖੇ ਨੀਂਹ ਪੱਥਰ 25 ਅਕਤੂਬਰ ਨੂੰ ਰੱਖਿਆ ਜਾਵੇਗਾ। ਇਸ ਯੂਨੀਵਰਿਸਟੀ ‘ਤੇ 500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਤੇ ਯੂਨੀਵਰਿਸਟੀ ਦਾ ਨਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ ‘ਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਰੱਖਿਆ ਗਿਆ ਹੈ। ਇਸ ਅਧੀਨ ਕੌਮਾਂਤਰੀ ਪੱਧਰ ਦੇ ਸਟੇਡੀਅਮ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਯੂਨੀਵਰਸਿਟੀ ‘ਚ ਫਿਲਹਾਲ 3 ਕੋਰਸ ਸ਼ੁਰੂ ਕੀਤੇ ਗਏ ਹਨ ਜੋ ਦੇਸ਼ ਦੀ ਕਿਸੇ ਹੋਰ ਯੂਨੀਵਰਸਿਟੀ ‘ਚ ਨਹੀਂ ਹਨ ਅਤੇ ਇਸ ‘ਚ 6 ਮਹੀਨੇ ਦਾ ਕੋਰਸ ਯੂ. ਕੇ. ‘ਚ ਵੀ ਕਰਵਾਇਆ ਜਾਵੇਗਾ। ਉਕਤ ਸਾਰੀ ਜਾਣਕਾਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਦਿੱਤੀ ਗਈ।
ਸੋਢੀ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਨੌਜਵਾਨਾਂ ਦੇ ਭਵਿੱਖ ਲਈ ਚੰਗਾ ਪਲੇਟਫਾਰਮ ਸਾਬਤ ਹੋਵੇਗਾ ਕਿਉਂਕਿ ਸਪੋਰਟਸ ਅਜੋਕੇ ਸਮੇਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਹੀ ਜ਼ਰੂਰੀ ਹਨ। ਇਸ ਨਾਲ ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਖੇਡਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਲੈ ਕੇ ਸਾਡਾ ਹਰਿਆਣਾ ਨਾਲ ਹਮੇਸ਼ਾ ਤੋਂ ਮੁਕਾਬਲਾ ਰਿਹਾ ਹੈ । ਸੋਢੀ ਨੇ ਕਿਹਾ ਕਿ ਪੰਜਾਬ ਸੂਬਾ ਵੀ ਕਿਸੇ ਪੱਖੋਂ ਹਰਿਆਣੇ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਖੁੱਲ੍ਹਣ ਨਾਲ ਖੇਡ ਵਿਭਾਗ ਨੂੰ ਨਵਾਂ ਉਤਸ਼ਾਹ ਮਿਲੇਗਾ ਤੇ ਖੇਡਾਂ ‘ਚ ਹੌਲੀ ਰਹਿ ਗਈ ਰਫਤਾਰ ਨੂੰ ਇੱਕ ਵਾਰ ਦੁਬਾਰਾ ਤੋਂ ਨਵੀਂ ਸੇਧ ਮਿਲੇਗੀ।
ਯੂਨੀਵਰਸਿਟੀ ਨੇ ਨਵੇਂ ਸੈਸ਼ਨ 2020-21 ਨੂੰ ਲੈ ਕੇ 7 ਕੋਰਸ ਲਈ ਅਰਜ਼ੀਆਂ ਮੰਗੀਆਂ ਸਨ ਜਿਨ੍ਹਾਂ ‘ਚ 5 ਨਵੇਂ ਕੋਰਸ ਸ਼ਾਮਲ ਹਨ। ਹੁਣ ਤਿੰਨ ਕੋਰਸਾਂ ‘ਚ ਹੀ ਦਾਖਲਾ ਹੋ ਸਕੇ ਹਨ ਜਿਨ੍ਹਾਂ ‘ਚੋਂ ਬੀ. ਪੀ. ਐੱਡ ‘ਚ 50 ਸੀਟਾਂ, ਪੀ. ਜੀ. ਡਿਪਲੋਮਾ ਇਨ ਯੋਗ ਅਤੇ ਐੱਮ. ਐੱਸ. ਸੀ. ਯੋਗ ‘ਚ 30-30 ਸੀਟਾਂ ‘ਤੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੁਲਜੀਤ ਨਾਗਰਾ ਵੱਲੋਂ ਵਿਧਾਨ ਸਭਾ ‘ਚ ਪੁੱਛੇ ਗਏ ਸਵਾਲ ਦੇ ਜਵਾਬ ‘ਚ ਰਾਣਾ ਸੋਢੀ ਨੇ ਕਿਹਾ ਕਿ ਖੇਡ ਕਿੱਟਾਂ ਦਾ ਸਾਮਾਨ ਪਿੰਡਾਂ ‘ਚ ਆਇਆ ਜ਼ਰੂਰ ਸੀ ਪਰ ਇਸ ਦਾ ਸਹੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਚੋਣਾਂ ਸਮੇਂ ਇਸ ਦੀ ਬਹੁਤ ਹੀ ਗਲਤ ਤਰੀਕੇ ਨਾਲ ਵੰਡ ਕੀਤੀ ਗਈ ਸੀ।