ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਲੈਹਲੀ ਟੀ-ਪੁਆਇੰਟ ਨੇੜੇ ਇੱਕ ਟਿੱਪਰ ਚਾਲਕ ਨੇ ਦੋ ਮੋਟਰਸਾਈਕਲਾਂ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਾਂ ਤੇ ਉਸਦੇ ਢਾਈ ਸਾਲਾ ਪੁੱਤ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ GMCH ਸੈਕਟਰ 32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਗੁਰਜੀਤ ਸਿੰਘ ਵਾਸੀ ਬੁੱਢਣਪੁਰ (ਬਨੂੰੜ) ਨੇ ਦੱਸਿਆ ਕਿ ਉਹ ਆਪਣੇ ਭਰਾ ਗੁਰਵਿੰਦਰ ਸਿੰਘ ਨਾਲ ਮੋਟਰਸਾਈਕਲ ’ਤੇ ਸਾਲੇ ਨੂੰ ਮਿਲਣ ਲਈ ਲਾਲੜੂ ਜਾ ਰਿਹਾ ਸੀ। ਉਸ ਦੀ ਪਤਨੀ ਸਿਮਰਨਜੀਤ ਕੌਰ (23) ਆਪਣੇ ਢਾਈ ਸਾਲਾ ਪੁੱਤਰ ਹਨੀ ਨਾਲ ਪਿੱਛੇ ਬੈਠੀ ਸੀ। ਉਸਦੇ ਅੱਗੇ ਜਾ ਰਹੇ ਦੂਜੇ ਮੋਟਰਸਾਈਕਲ ਨੂੰ ਉਸ ਦਾ ਭਰਾ ਗੁਰਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਉਸ ਦਾ ਸਹੁਰਾ ਹਰਪਾਲ ਸਿੰਘ (53) ਬੈਠਿਆ ਸੀ।
ਪੀੜਤ ਨੇ ਦੱਸਿਆ ਜਿਵੇਂ ਹੀ ਉਹ ਲੈਹਲੀ ਟੀ-ਪੁਆਇੰਟ ਨੇੜੇ ਪੁੱਜੇ ਤਾਂ ਪਿੱਛਿਓਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੇ ਉਸਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਦਿਆਂ ਹੀ ਉਹ ਸੜਕ ਦੇ ਇੱਕ ਪਾਸੇ ਜਾ ਡਿੱਗਿਆ, ਜਦਕਿ ਉਸਦੇ ਪਿੱਛੇ ਬੈਠੀ ਉਸਦੀ ਪਤਨੀ ਅਤੇ ਪੁੱਤਰ ਸੜਕ ’ਤੇ ਡਿੱਗ ਗਏ। ਟਿੱਪਰ ਦੇ ਟਾਇਰਾਂ ਹੇਠ ਬੁਰੀ ਤਰ੍ਹਾਂ ਦਰੜੇ ਗਏ। ਇਨ੍ਹਾਂ ਹੀ ਨਹੀਂ ਟਿੱਪਰ ਨੇ ਅੱਗੇ ਜਾ ਰਹੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ ਅਤੇ ਉਸ ਦਾ ਸਹੁਰਾ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਵਿਸ਼ਵ ਕੱਪ ‘ਚ ਖਰਾਬ ਪ੍ਰਦਰਸ਼ਨ ਮਗਰੋਂ ਪਾਕਿਸਤਾਨ ਕ੍ਰਿਕਟ ਬੋਰਡ ਦਾ ਵੱਡਾ ਫੈਸਲਾ, ਪੂਰੀ ਚੋਣ ਕਮੇਟੀ ਬਰਖਾਸਤ
ਨਾਹਰ ਪੁਲਿਸ ਚੌਕੀ ਲੈਹਲੀ ਦੇ ਹੌਲਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਟੋਲ ਪਲਾਜ਼ਾ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਡੇਰਾਬੱਸੀ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਢਾਈ ਸਾਲਾ ਪੁੱਤਰ ਹਨੀ ਅਤੇ ਪਤਨੀ ਸਿਮਰਨਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਸਹੁਰਾ ਹਰਪਾਲ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ GMCH ਸੈਕਟਰ 32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ।
ਰਾਹਗੀਰਾਂ ਦੀ ਮਦਦ ਨਾਲ ਟਿੱਪਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਟਿੱਪਰ ਚਾਲਕ ਸ਼ਰਾਬ ਦੇ ਨਸ਼ੇ ’ਚ ਟਿੱਪਰ ਚਲਾ ਰਿਹਾ ਸੀ। ਪੁਲਿਸ ਨੇ ਗੁਰਜੀਤ ਦੇ ਬਿਆਨਾਂ ਦੇ ਆਧਾਰ ’ਤੇ ਡਰਾਈਵਰ ਵਿਜੇ ਸਾਹਨੀ ਵਾਸੀ ਬਿਹਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮ੍ਰਿਤਕਾਂ ਦੇ ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –