1-1 positive case : ਪੰਜਾਬ ਵਿਚ ਕੋਰੋਨਾ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਅੱਜ ਕੋਰੋਨਾ ਨਾਲ ਅੰਮ੍ਰਿਤਸਰ ਵਿਖੇ ਦੋ ਕੋਰੋਨਾ ਮਰੀਜ਼ਾਂ ਦੀ ਮੌਤ ਵੀ ਹੋ ਗਈ। ਅੱਜ ਗੁਰਦਾਸਪੁਰ ਤੇ ਮੋਗਾ ਤੋਂ 1-1 ਪਾਜੀਟਿਵ ਕੇਸ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਧਾਲੀਵਾਲ ਵਿਖੇ ਕੋਰੋਨਾ ਦੇ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਗੁਰਦਾਸਪੁਰ ਵਿਚ ਕੁੱਲ ਕੇਸਾਂ ਦੀ ਗਿਣਤੀ 149 ਹੋ ਗਈ ਹੈ, 134 ਲੋਕ ਠੀਕ ਹੋ ਚੁੱਕੇ ਹਨ ਤੇ 3 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਇਸੇ ਤਰ੍ਹਾਂ ਮੋਗਾ ਤੋਂ ਜਿਹੜਾ ਪਾਜੀਟਿਵ ਕੇਸ ਸਾਹਮਣੇ ਆਇਆ ਹੈ, ਉਹ ਔਰਤ ਕੁਝ ਦਿਨ ਪਹਿਲਾਂ ਹੀ ਕੁਵੈਤ ਤੋਂ ਵਾਪਸ ਪਰਤੀ ਹੈ ਤੇ ਉਹ ਮੋਗਾ ਦੀ ਗ੍ਰੀਨ ਫੀਲਡ ਕਾਲੋਨੀ ਦੀ ਰਹਿਣ ਵਾਲੀ ਹੈ। ਉਕਤ ਔਰਤ ਨੂੰ ਮੋਗਾ ਦੇ ਡੀ. ਐੱਮ.ਕਾਲਜ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਮੋਗਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 68 ਹੋ ਚੁੱਕੀ ਹੈ, 65 ਲੋਕ ਠੀਕ ਹੋ ਚੁੱਕੇ ਹਨ ਅਤੇ ਹੁਣ ਐਕਟਿਵ ਕੇਸ 3 ਹਨ।
ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਵਿਚ ਦੋ ਹੋਰ ਕਰੋਨਾ ਪਾਜ਼ੀਟਿਵ ਆਏ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇੱਕ ਪੰਜਾਬ ਪੁਲਿਸ ਦਾ ਏਐਸਆਈ ਕਰੋਨਾ ਪਾਜ਼ੀਟਿਵ ਆਇਆ ਸੀ । ਇਹ ਜੋ ਨਵੇਂ ਕਰੋਨਾ ਪਾਜ਼ੀਟਿਵ ਆਏ ਹਨ ਇਹ ਏਐਸਆਈ ਦੀ ਬੇਟੀ ਅਤੇ ਬੇਟਾ ਹਨ। ਹੁਣ ਫਰੀਦਕੋਟ ਜਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 12 ਹੋ ਗਈ ਹੈ।
ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਮੰਤਰਾਲੇ ਦੇ ਸੋਮਵਾਰ ਸਵੇਰੇ ਦੇ ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤੱਕ 2 ਲੱਖ 56 ਹਜ਼ਾਰ 611 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ‘ਚੋਂ 7,135 ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਲੱਖ 24 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 9983 ਨਵੇਂ ਕੇਸ ਸਾਹਮਣੇ ਆਏ ਹਨ ਤੇ 206 ਮੌਤਾਂ ਹੋਈਆਂ ਹਨ। ਇਹ ਇਕ ਦਿਨ ‘ਚ ਭਾਰਤ ‘ਚ ਕੋਰੋਨਾ ਮਾਮਲਿਆਂ ਤੇ ਮੌਤਾਂ ‘ਚ ਸਭ ਤੋਂ ਵੱਡਾ ਵਾਧਾ ਹੈ।