1 year old : ਜਲੰਧਰ : ਜਲੰਧਰ ‘ਚ ਮੰਗਲਵਾਰ ਦੁਪਹਿਰ ਇੱਕ ਸੜਕ ਹਾਦਸੇ ‘ਚ 1 ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦੋਂ ਕਿ ਮਾਤਾ-ਪਿਤਾ ਤੇ ਮਾਸੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ ਜਦੋਂ ਇਹ ਪਰਿਵਾਰ ਅੰਮ੍ਰਿਤਸਰ ਤੋਂ ਲੁਧਿਆਣਾ ਪਰਤ ਰਿਹਾ ਸੀ। ਇਸੇ ਦੌਰਾਨ ਅੰਮ੍ਰਿਤਸਰ ਤੋਂ ਪਰਤ ਰਹੇ ਇੱਕ ਕਾਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਨੇ ਬਾਈਕ ਨੂੰ ਆਪਣੀ ਲਪੇਟ ‘ਚ ਲੈ ਲਿਆ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਜਲੰਧਰ ਦੇ ਟਰਾਂਸਪੋਰਟ ਨਗਰ ਇਲਾਕੇ ‘ਚ ਫਲਾਈਓਵਰ ਤੋਂ ਉਤਰਦੇ ਹੋਏ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦਾ ਬਲਜੀਤ ਸਿੰਘ ਪੁੱਤਰ ਜਾਗੀਰ ਸਿੰਘ ਅੰਮ੍ਰਿਤਸਰ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਮੰਗਲਵਾਰ ਦੁਪਹਿਰ ਉਹ ਬਾਈਕ ‘ਤੇ ਅੰਮ੍ਰਿਤਸਰ ਤੋਂ ਆਪਣੀ ਪਤਨੀ, ਸਾਲੀ ਤੇ 1 ਸਾਲ ਦੀ ਕੁੜੀ ਨਾਲ ਵਾਪਸ ਆ ਰਿਹਾ ਸੀ। ਰਸਤੇ ‘ਚ ਟਰਾਂਸਪੋਰਟ ਨਗਰ ਦੇ ਫਲਾਈਓਵਰ ਤੋਂ ਉਤਰਦੇ ਹੀ ਪਿੱਛਿਓਂ ਆ ਰਹੀ ਆਲਟੋ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 1 ਸਾਲ ਦੀ ਬੱਚੀ ਜਸਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਬਲਜੀਤ ਦੀ ਪਤਨੀ ਸੁਨੀਤਾ ਅਤੇ ਸਾਲੀ ਨੇਹਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈਆਂ। ਬਲਜੀਤ ਦੇ ਵੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਕਾਰ ਚਾਲਕ ਜਸਵੰਤ ਸਿੰਘ ਨਿਵਾਸੀ ਅੰਬਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਕਾਰ ਚਾਲਕ ਵੀ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਤੋਂ ਅੰਬਾਲਾ ਜਾ ਰਿਹਾ ਸੀ। ਇਸ ਬਾਰੇ ਥਾਣਾ ਡਵੀਜ਼ਨ 8 ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸੇ ਤੋਂ ਬਾਅਦ ਕਾਰ ਚਾਲਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਥਿਤ ਆਪਣੀ ਮੋਰਚਰੀ ‘ਚ ਰਖਵਾ ਦਿੱਤਾ ਹੈ।