15 new positive : ਕੋਰੋਨਾ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਸਾਰੇ ਦੇਸ਼ਾਂ ਵਲੋਂ ਕੋਰੋਨਾ ਵਾਇਰਸ ਖਿਲਾਫ ਜੰਗ ਲੜੀ ਜਾ ਰਹੀ ਹੈ। ਸੂਬੇ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਜਿਲ੍ਹਾ ਮੋਗਾ ਤੋਂ ਅੱਜ 15 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 2 ਪੁਲਿਸ ਕਰਮਚਾਰੀ ਤੇ ਇਕ ਵਿਅਕਤੀ ਬਾਹਰੋਂ ਆਇਆ ਹੈ ਤੇ 6 ਵਿਅਕਤੀ ਅਜਿਹੇ ਹਨ ਜਿਨ੍ਹਾਂ ਦੇ ਸੈਂਪਲ ਸ਼ੱਕ ਦੇ ਆਧਾਰ ‘ਤੇ ਲਏ ਗਏ ਸਨ। ਮੋਗੇ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ 169 ਤਕ ਪੁੱਜ ਗਈ ਹੈ।
ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 9000 ਤੋਂ ਵੀ ਵਧ ਹੋ ਗਈ ਹੈ। ਸਭ ਤੋਂ ਵਧ ਕੇਸ ਜਿਲ੍ਹਾ ਲੁਧਿਆਣਾ ਵਿਖੇ 1638 ਹਨ। ਇਸ ਤੋਂ ਬਾਅਦ ਜਿਲ੍ਹਾ ਜਲੰਧਰ ਵਿਚ ਵੀ ਪਾਜੀਟਿਵ ਕੇਸਾਂ ਦੀ ਗਿਣਤੀ 1533 ਹੋ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ 1170, ਪਟਿਆਲੇ ਤੋਂ 776, ਮੋਹਾਲੀ ਤੋਂ 478, ਗੁਰਦਾਸਪੁਰ ਤੋਂ 297 ਕੇਸ, ਹੁਸ਼ਿਆਰਪੁਰ ਤੋਂ 220, ਨਵਾਂਸ਼ਹਿਰ ਤੋਂ 253, ਮੁਕਤਸਰ ਤੋਂ 162, ਫਤਿਹਗੜ੍ਹ ਸਾਹਿਬ ਤੋਂ 192, ਰੋਪੜ ਤੋਂ 144, ਮੋਗੇ ਤੋਂ 169, ਕਪੂਰਥਲੇ ਤੋਂ 145, ਫਿਰੋਜ਼ਪੁਰ ਤੋਂ 199, ਫਾਜ਼ਿਲਕਾ ਤੋਂ 138, ਬਠਿੰਡਾ ਤੋਂ 171, ਬਰਨਾਲਾ ਤੋਂ 79 ਕੇਸ ਸਾਹਮਣੇ ਆਏ ਹਨ। ਸੂਬੇ ਵਿਚੋਂ 6296 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਐਕਟਿਵ ਮਾਮਲਿਆਂ ਦੀ ਗਿਣਤੀ 2591 ਹੈ। ਇਸ ਖਤਰਨਾਕ ਵਾਇਰਸ ਨਾਲ ਪੰਜਾਬ ਵਿਚ ਅਜੇ ਤਕ 231 ਮੌਤਾਂ ਹੋ ਚੁੱਕੀਆਂ ਹਨ।
ਕੋਵਿਡ-19 ਦੇ ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਐਡਵਾਇਜਰੀ ਜਾਰੀ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਵਾਇਰਸ ਨੂੰ ਕੰਟਰੋਲ ਕਰ ਸਕਣਾ ਸੰਭਵ ਨਹੀਂ ਹੈ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਦਾ ਇਸਤੇਮਾਲ ਕੀਤਾ ਜਾਵੇ ਤੇ ਬਿਨਾਂ ਕਿਸੇ ਕਾਰਨ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।