15 positive cases : ਜਲੰਧਰ ਨੂੰ ਕੋਰੋਨਾ ਨੇ ਆਪਣੀ ਪਕੜ ਵਿਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ ਤੇ ਰੋਜ਼ਾਨਾ ਇਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅੱਜ 15 ਪਾਜੀਟਿਵ ਕੇਸ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਤੇ ਲੋਕਾਂ ਵੀ ਡਰੇ ਹੋਏ ਹਨ। ਇਨ੍ਹਾਂ ਪਾਜੀਟਿਵ ਕੇਸਾਂ ਵਿਚ 10 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ। ਬੀਤੇ ਕੁਝ ਦਿਨਾਂ ਤੋਂ ਜਲੰਧਰ ਵਿਚ ਰੋਜ਼ਾਨਾ 10 ਕੇਸ ਸਾਹਮਣੇ ਆ ਰਹੇ ਹਨ। ਜਲੰਧਰ ਵਿਚ ਹੁਣ ਤਕ ਕੋਰੋਨਾ ਨਾਲ 9 ਮੌਤਾਂ ਹੋ ਚੁੱਕੀਆਂ ਹਨ ਤੇ ਪਾਜੀਟਿਵ ਕੇਸਾਂ ਦਾ ਅੰਕੜਾ 315 ਤਕ ਪੁੱਜ ਚੁੱਕਾ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਖੇ ਅੱਜ ਕੋਰੋਨਾ ਨਾਲ ਦੋ ਮੌਤਾਂ ਹੋ ਗਈਆਂ। ਤਾਲਾਬੰਦੀ ਵਿਚ ਢਿੱਲ ਕਾਰਨ ਸੂਬੇ ਵਿਚ ਕੋਰੋਨਾ ਇੰਫੈਕਟਿਡ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਨਾਲ ਰੋਜ਼ਾਨਾ ਕੇਸ ਵਧ ਰਹੇ ਹਨ। ਭਾਵੇਂ ਅੱਜ 8 ਜੂਨ ਨੂੰ ਸੂਬਾ ਸਰਕਾਰ ਵਲੋਂ ਹੋਟਲ, ਰੈਸਟੋਰੈਂਟ, ਮਾਲਜ਼ ਤੇ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਨਾਲ ਹੀ ਕੈਪਟਨ ਸਰਕਾਰ ਵਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਲੋਕ ਇਸ ਦਾ ਧਿਆਨ ਰੱਖ ਕੇ ਇਸ ਵਾਇਰਸ ਤੋਂ ਬਚ ਸਕਣ।
ਪਿਛਲੇ 24 ਘੰਟਿਆਂ ਦਰਮਿਆਨ ਸੂਬੇ ਵਿਚ ਕੋਰੋਨਾ ਦੇ 93 ਕੇਸ ਸਾਹਮਣੇ ਆ ਚੁੱਕੇ ਹਨ ਤੇ ਬੀਤੇ ਕਲ 1 ਕੋਰੋਨਾ ਪਾਜੀਟਿਵ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਐਤਵਾਰ ਨੂੰ 93 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 35, ਜਲੰਧਰ ਤੋਂ 23, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਬਰਨਾਲਾ, ਮੁਹਾਲੀ, ਅਤੇ ਹੁਸ਼ਿਆਰਪੁਰ ਵਿੱਚੋਂ ਇੱਕ-ਇੱਕ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ 10, ਪਠਾਨਕੋਟ 2, ਫਰੀਦਕੋਟ 3, ਸੰਗਰੂਰ 5, ਪਟਿਆਲਾ 7 ਅਤੇ ਗੁਰਦਾਸਪੁਰ ਤੋਂ 3 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੁੱਲ 124266 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2608 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2106 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 451 ਲੋਕ ਐਕਟਿਵ ਮਰੀਜ਼ ਹਨ।