16 cases of : ਜਿਲ੍ਹਾ ਮੋਹਾਲੀ ਵਿਚ ਐਤਵਾਰ ਨੂੰ ਸਭ ਤੋਂ ਵਧ 16 ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਹੁਣ ਮੋਹਾਲੀ ਵਿਚ ਕੋਰੋਨਾ ਪੀੜਤਾਂ ਦੀਗਿਣਤੀ 176 ਹੋ ਗਈ ਹੈ ਜਦੋਂ ਕਿ ਐਕਟਿਵ ਕੇਸ 56 ਹਨ। ਐਤਵਾਰ ਨੂੰ ਜਿਹੜੇ 16 ਪਾਜੀਟਿਵ ਮਾਮਲੇ ਸਾਹਮਣੇ ਆਏ ਉਨ੍ਹਾਂ ਵਿਚੋਂ ਖਰੜ ਤੋਂ ਇਕ, ਕੁਰਾਲੀ ਤੋਂ ਚਾਰ, ਜੀਰਕਪੁਰ ਤੋਂ ਇਕ, ਲਾਲੜੂ ਤੋਂ 5, ਡੇਰਾਬੱਸੀ ਤੋਂ 2, ਮੁਬਾਰਕਪੁਰ ਤੋਂ ਇਕ ਅਤੇ ਦੋ ਕੇਸ ਨਯਾਗਾਓਂ ਤੋਂ ਸਾਹਮਣੇ ਆਏ ਹਨ। ਸਾਰੇ ਪੀੜਤਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰ ਦਿੱਤਾ ਗਿਆ ਹੈ। 19 ਸਾਲਾ ਖਰੜ ਨਿਵਾਸੀ ਦਿੱਲੀ ਤੋਂ 11 ਜੂਨ ਨੂੰ ਵਾਪਸ ਆਇਆ ਸੀ। ਇਨ੍ਹਾਂ ਵਿਚੋਂ ਲਗਭਗ ਸਾਰੇ ਦੂਜੇ ਸੂਬਿਆਂ ਤੋਂ ਵਾਪਸ ਆਉਣ ਵਾਲੇ ਵਿਅਕਤੀ ਹਨ।
ਉੱਤਰ ਪ੍ਰਦੇਸ਼ ਵਿਚ ਵਿਆਹ ਸਮਾਰੋਹ ਤੋਂ ਪਰਤੇ ਪਤੀ-ਪਤਨੀ ਦੀ ਵਾਪਸ ਚੰਡੀਗੜ੍ਹ ਪਰਤਣ ‘ਤੇ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਖੁੱਡਾ ਅਲੀਸ਼ੇਰ ਦਾ 35 ਸਾਲਾ ਵਿਅਕਤੀ ਤੇ 27 ਸਾਲਾ ਔਰਤ 9 ਜੂਨ ਨੂੰ ਯੂ. ਪੀ. ਤੋਂ ਖੱਡਾ ਅਲੀਸ਼ੇਰ ਪਰਤੇ ਸਨ। 11 ਜੂਨ ਨੂੰ ਦੋਵਾਂ ਵਿਚ ਕੋਰੋਨਾ ਦੇ ਲੱਛਣ ਪਾਏ ਗਏ। ਇਸ ਤੋਂ ਬਾਅਦ ਕੋਰੋਨਾ ਪਾਜੀਟਿਵ ਹੋਣ ਦੀ ਪੁਸ਼ਟੀ ਹੋਈ। ਦੋ ਨਵੇਂ ਕੇਸ ਆਉਣ ਨਾਲ ਚੰਡੀਗੜ੍ਹ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 352 ਹੋ ਗਈ ਹੈ। ਖੁੱਡਾ ਲਾਹੌਰਾ ਵਿਚ ਜਿਸ ਆਟੋ ਚਾਲਕ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ, ਉਸ ਦੇ ਸੰਪਰਕ ਵਿਚ ਰਹੇ ਪਰਿਵਾਰ ਦੇ 6 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਦੂਜੇ ਪਾਸੇ ਇੰਡਸਟਰੀਅਲ ਏਰੀਆ ਸਥਿਤ ਚਾਰ ਨੰਬਰ ਕਾਲੋਨੀ ਦੀ ਗਰਭਵਤੀ ਔਰਤ ਦੀ ਰਿਪੋਰਟ ਪਾਜੀਟਿਵ ਆਈ ਸੀ। ਇਹ ਔਰਤ ਹਸਪਤਾਲ ਵਿਚ ਸਾਧਾਰਨ ਚੈਕਅੱਪ ਲਈ ਪੁੱਜੀ ਸੀ। ਮਹਿਰਾ ਵਜੀਰਪੁਰ, ਦਿੱਲੀ ਤੋਂ ਚੰਡੀਗੜ੍ਹ ਆਈ ਸੀ. ਇਸ ਲਈ ਇਸ ਕੇਸ ਨੂੰ ਦਿੱਲੀ ਦਾ ਹੀ ਮੰਨਿਆ ਗਿਆ ਹੈ। ਦਿੱਲੀ ਤੋਂ ਮਹਿਲਾ ਨਾਲ ਆਏ ਪਰਿਵਾਰ ਦੇ 4 ਮੈਂਬਰਾਂ ਵਿਚੋਂ ਇਕ ਪਾਜੀਟਿਵ ਤੇ ਤਿੰਨ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ ਚੰਡੀਗੜ੍ਹ ਵਿਚ ਰਹਿ ਰਹੇ ਪਰਿਵਾਰ ਦੇ 8 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।