2 more months : ਕੋਵਿਡ-19 ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਸਟੇਟ ਲੀਗਲ ਸਰਵਿਸ ਅਥਾਰਟੀ (ਐੱਸ. ਐੱਲ. ਐੱਸ. ਏ.) ਨੇ ਬੁੜੈਲ ਜੇਲ੍ਹ ਦੇ ਕੈਦੀਆਂ ਨੂੰ ਹੋਰ ਦੋ ਮਹੀਨਿਆਂ ਦੀ ਰਾਹਤ ਦੇ ਦਿੱਤੀ ਹੈ। ਪਿਛਲੀ 25 ਮਾਰਚ ਤੋਂ ਜ਼ਮਾਨਤ ਅਤੇ ਸਪੈਸ਼ਲ ਪੈਰੋਲ ‘ਤੇ ਚੱਲ ਰਹੇ ਕੈਦੀਆਂ ਨੂੰ ਹੁਣ ਅਥਾਰਟੀ ਨੇ ਦੋ ਮਹੀਨੇ ਦੀ ਹੋਰ ਛੋਟ ਦੇ ਦਿੱਤੀ ਹੈ। ਜੇਲ੍ਹ ਵਿਚ ਕਿਸੇ ਵੀ ਕੈਦੀ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਜਿਹੜੇ ਕੈਦੀਆਂ ਅਤੇ ਦੋਸ਼ੀਆਂ ਨੇ ਕੋਈ ਹਾਰਡਕੋਰ ਕ੍ਰਾਈਮ ਨਹੀਂ ਕੀਤਾ ਉਨ੍ਹਾਂ ਹੋਰ ਦੋ ਮਹੀਨੇ ਦੀ ਰਾਹਤ ਦੇਣ ਦਾ ਫੈਸਲਾ ਕਮੇਟੀ ਵਲੋਂ ਕੀਤਾ ਗਿਆ ਹੈ।
ਅਥਾਰਟੀ ਨੇ ਸਾਰੇ ਕੈਦੀਆਂ ਤੇ ਦੋਸ਼ੀਆਂ ਨੂੰ ਪਹਿਲਾਂ 20 ਜੁਲਾਈ ਤਕ ਜੇਲ੍ਹ ਵਿਚ ਵਾਪਸ ਲਿਆਉਣ ਦੀ ਯੋਜਨਾ ਬਣਾਈ ਸੀ ਪਰ ਹੁਣ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸਾਰਿਆਂ ਨੂੰ 16 ਅਗਸਤ ਤੋਂ 29 ਅਗਸਤ ਦੌਰਾਨ ਵਾਪਸ ਜੇਲ੍ਹ ਵਿਚ ਬੁਲਾਇਆ ਜਾਵੇਗਾ। ਇਹ ਫੈਸਲਾ ਹਾਈਪਾਵਰ ਕਮੇਟੀ ਵਲੋਂ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਜਦੋਂ ਕੈਦੀਆਂ ਨੂੰ ਵਾਪਸ ਜੇਲ੍ਹ ਬੁਲਾਇਆ ਜਵੇਗਾ ਤਾਂ ਜੇਲ੍ਹ ਪ੍ਰਸ਼ਾਸਨ ਪਹਿਲਾਂ ਉਨ੍ਹਾਂ ਦੇ ਆਈਸੋਲੇਸ਼ਨ ਵਾਰਡ ਵਿਚ ਰਹਿਣ ਦਾ ਇਂਤਜ਼ਾਮ ਕਰੇ। ਉਸ ਦੇ ਸੈਂਪਲ ਟੈਸਟ ਲਈ ਭੇਜੇ ਜਾਣਗੇ ਤੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਸ ਨੂੰ ਹੋਰਨਾਂ ਕੈਦੀਆਂ ਦੇ ਨਾਲ ਰੱਖਿਆ ਜਾਵੇਗਾ। ਜੇਕਰ ਰਿਪੋਰਟ ਪਾਜੀਟਿਵ ਆਉਂਦੀ ਹੈ ਤਾਂ ਉਸ ਦਾ ਪੂਰਾ ਇਲਾਜ ਕੀਤਾ ਜਾਵੇਗਾ ਤੇ ਠੀਕ ਹੋਣ ਤੋਂ ਬਾਅਦ ਹੀ ਉਸ ਨੂੰ ਜੇਲ੍ਹ ਵਿਚ ਦੁਬਾਰਾ ਰੱਖਿਆ ਜਾ ਸਕੇਗਾ। ਚੰਡੀਗੜ੍ਹ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧਣ ਕਾਰਨ ਜੇਲ੍ਹ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ।