3 deaths due : ਗੁਰਦਾਸਪੁਰ : ਕੋਰੋਨਾ ਨੇ ਪੂਰੇ ਦੇਸ਼ ਵਿੱਚ ਕੋਹਰਾਮ ਮਚਾਇਆ ਹੋਇਆ ਹੈ। ਸੂਬੇ ਦਾ ਕੋਈ ਅਜਿਹਾ ਜਿਲ੍ਹਾ ਨਹੀਂ ਹੈ ਜੋ ਇਸ ਤੋਂ ਅਛੂਤਾ ਹੋਵੇ। ਕਈ ਜਿਲ੍ਹਿਆਂ ਵਿੱਚ ਕੋਰੋਨਾ ਦੇ ਬਹੁਤ ਵੱਡੀ ਗਿਣਤੀ ‘ਚ ਕੇਸ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਵਿਖੇ ਅੱਜ ਕੋਰੋਨਾ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 81 ਨਵੇਂ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਮ੍ਰਿਤਕ ਵਿਅਕਤੀਆਂ ਦੀ ਪਛਾਣ ਬਟਾਲਾ ਨਿਵਾਸੀ 75 ਸਾਲਾ, ਗੁਰਦਾਸਪੁਰ ਨਿਵਾਸੀ 75 ਸਾਲਾ ਬੀਬੀ ਤੇ ਬਟਾਲਾ ਦੇ ਨੇੜਲੇ ਪਿੰਡ ਦੀ ਵਸਨੀਕ 30 ਸਾਲਾ ਔਰਤ ਹੈ। ਜਿਲ੍ਹੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ ਤੇ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 2346 ਤੱਕ ਜਾ ਪੁੱਜੀ ਹੈ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਅੱਜ ਜਿਹੜੇ ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ, ਉਨ੍ਹਾਂ ਵਿੱਚੋਂ ਕੁਝ ਪੁਲਿਸ ਸਾਂਝ ਕੇਂਦਰ ਦੇ ਮੁਲਾਜ਼ਮ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ 65164 ਵਿਅਕਤੀਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 63280 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਅੱਜ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਆਉਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਜਲਾਲਾਬਾਦ ਤੋਂ ਸਟੇਟ ਬੈਂਕ ‘ਚ ਕੰਮ ਕਰਦੇ ਚੀਫ ਮੈਨੇਜਰ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਬੈਂਕ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਹੁਣ ਬੈਂਕ ਨੂੰ ਸੈਨੇਟਾਈਜ ਕਰਵਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਭਗ 25 ਸਟਾਫ ਮੈਂਬਰਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾਣਗੇ ਤੇ ਜਦੋਂ ਤੱਕ ਸਾਰੇ ਸਟਾਫ ਮੈਂਬਰਾਂ ਦੀ ਰਿਪੋਰਟ ਨਹੀਂ ਆਉਂਦੀ, ਬੈਂਕ ਦੀ ਬ੍ਰਾਂਚ ਨੂੰ ਬੰਦ ਹੀ ਰੱਖਿਆ ਜਾਵੇਗਾ।