354 Indian students : ਅੰਮ੍ਰਿਤਸਰ : ਅਟਾਰੀ ਸਰਹੱਦ ਜ਼ਰੀਏ 354 ਵਿਦਿਆਰਥੀ ਪੜ੍ਹਾਈ ਲਈ ਵੀਰਵਾਰ ਨੂੰ ਪਾਕਿਸਤਾਨ ਰਵਾਨਾ ਹੋਏ। ਇਹ ਸਾਰੇ ਵਿਦਿਆਰਥੀ ਪਾਕਿਸਤਾਨ ਦੇ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਪੜ੍ਹਾਈ ਕਰਦੇ ਹਨ। ਲੌਕਡਾਊਨ ‘ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਫਸੇ ਪਾਕਿਸਤਾਨੀ ਮੂਲ ਦੇ 74 ਨਾਗਰਿਕ ਵੀ ਅਟਾਰੀ-ਵਾਹਗਾ ਬਾਰਡਰ ਦੇ ਰਸਤੇ ਵਤਨ ਪਰਤ ਗਏ। ਪਾਕਿਸਤਾਨ ‘ਚ 10 ਸਤੰਬਰ ਤੋਂ ਕਾਲਜ ਤੇ ਯੂਨੀਵਰਸਿਟੀਆਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮਾਪੇ ਆਪਣੇ ਬੱਚਿਆਂ ਨੂੰ ਛੱਡਣ ਲਈ ਅਟਾਰੀ ਸਰਹੱਦ ‘ਤੇ ਪੁੱਜੇ।
ਪਾਕਿਸਤਾਨ ਜਾਣ ਵਾਲੇ ਵਿਦਿਆਰਥੀਆਂ ‘ਚ ਲੜਕੀਆਂ ਦੀ ਗਿਣਤੀ ਵੱਧ ਸੀ। ਕੇਂਦਰ ਸਰਕਾਰ ਨੇ ਇਨ੍ਹਾਂ ਨੂੰ ਦੋ ਦਿਨ ਪਹਿਲਾਂ ਹੀ ਪਾਕਿਸਤਾਨ ਜਾਣ ਦੀ ਮਨਜ਼ੂਰੀ ਦਿੱਤੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਇਕ ਵਿਦਿਆਰਥਣ ਮਾਹਿਰਾ ਖਾਨ ਨੇ ਕਿਹਾ ਕਿ ਘਰ ਛੱਡ ਕੇ ਜਾਣਾ ਚੰਗਾ ਤਾਂ ਨਹੀਂ ਲੱਗਦਾ ਪਰ ਪੜ੍ਹਾਈ ਕਾਰਨ ਪਾਕਿਸਤਾਨ ਜਾਣਾ ਪੈ ਰਿਹਾ ਹੈ। ਇੱਕ ਹੋਰ ਵਿਦਿਆਰਥੀ ਮਜੈਬ ਦਾ ਕਹਿਣਾ ਸੀ ਕਿ ਉਹ 5 ਮਹੀਨੇ ਬਾਅਦ ਆਪਣੇ ਕਾਲਜ ਜਾ ਰਹੀ ਹੈ। ਉਹ ਕੋਰੋਨਾ ਵਾਇਰਸ ਦੇ ਇਸ ਦੌਰ ਦੇ ਤਜਰਬੇ ਨੂੰ ਪਾਕਿਸਤਾਨ ‘ਚ ਸਹੇਲੀਆਂ ਨਾਲ ਸਾਂਝਾ ਕਰੇਗੀ।
ਪਾਕਿਸਤਾਨ ਮੂਲ ਦੇ ਇੱਕ ਨਾਗਰਿਕ ਜਹਾਂਗੀਰ ਖਾਨ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਮਿਲਣ ਦਿੱਲੀ ਆਇਆ ਸੀ ਲੌਕਡਾਊਨ ਕਾਰਨ ਉਹ ਫਸ ਗਿਆ ਸੀ। ਹੁਣ ਘਰ ਜਾਣ ਦੀ ਖੁਸ਼ੀ ਹੈ। ਬਿਜਨੌਰ ਤੋਂ ਆਈ ਔਰਤ ਸੁਲਤਾਨਾ ਨੇ ਕਿਹਾ ਕਿ ਉਹ ਆਪਣੀ ਬੀਮਾਰ ਮਾਂ ਨੂੰ ਮਿਲਣ ਆਈ ਸੀ। ਉਹ ਕਰਾਚੀ ਤੋਂ ਮਸਕਟ ਤੇ ਇਥੋਂ ਲਖਨਊ ਪਹੁੰਚੀ ਸੀ। ਲੌਕਡਾਊਨ ਕਾਰਨ ਉਹ ਫਸ ਗਈ। ਸਾਰੀਆਂ ਉਡਾਨਾਂ ਬੰਦ ਹੋ ਗਈਆਂ। ਪਾਕਿਸਤਾਨੀ ਦੂਤਾਵਾਸ ਨੇ ਉਸ ਨੂੰ ਅਟਾਰੀ ਸੜਕ ਸਰਹੱਦ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਹੈ। ਪਾਕਿਸਤਾਨ ਦੇ ਹੈਦਰਾਬਾਦ ਤੋਂ ਆਏ ਚੇਤਨ ਨੇ ਕਿਹਾ ਕਿ ਉਹ ਆਪਣੇ ਬੇਟੇ ਦੇ ਇਲਾਜ ਲਈ ਦਿੱਲੀ ਆਏ ਸਨ। ਇਲਾਜ ਦੌਰਾਨ ਲੌਕਡਾਊਨ ਲੱਗ ਗਿਆ ਸੀ। ਹੁਣ ਉਹ ਆਪਣੇ ਬੇਟੇ ਨਾਲ ਪਾਕਿਸਤਾਨ ਜਾ ਰਹੇ ਹਨ।