6 new case Gurdaspur : ਗੁਰਦਾਸਪੁਰ ਵਿਚ ਕੋਰੋਨਾ ਆਪਣਾ ਕਹਿਰ ਵਰ੍ਹਾ ਰਿਹਾ ਹੈ। ਨਿਤ ਦਿਨ ਨਵੇਂ ਕੇਸ ਸਾਹਮਣੇ ਆਏ ਹਨ। ਅੱਜ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਕੋਰੋਨਾ ਧਮਾਕੇ ਨਾਲ ਲੋਕਾਂ ਵਿਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਹੈ। ਇਨ੍ਹਾਂ 6 ਮਾਮਲਿਆਂ ਵਿਚੋਂ ਤਿੰਨ ਗੁਰਦਾਸਪੁਰ ਤੋਂ ਹਨ। ਇਕ ਗੁਰਦਾਸਪੁਰ ਦਾ ਕੱਪੜਾ ਵਪਾਰੀ ਦੀ ਪਤਨੀ ਹੈ ਤੇ ਦੂਜਾ ਉਨ੍ਹਾਂ ਦਾ ਮੁਲਾਜ਼ਮ ਹੈ। ਇਸ ਤੋਂ ਇਲਾਵਾ ਇਕ ਹੋਰ ਮਾਮਲਾ ਬਟਾਲਾ ਦੇ ਸਕਰਪੁਰਾ ਦਾ ਹੈ। ਗੁਰਦਾਸਪੁਰ ਵਿਚ ਹੁਣ ਪਾਜੀਟਿਵ ਕੇਸਾਂ ਦੀ ਗਿਣਤੀ 147 ਤਕ ਪੁੱਜ ਗਈ ਹੈ ਤੇ ਰਾਹਤ ਭਰੀ ਖਬਰ ਇਹ ਵੀ ਹੈ ਕਿ 131 ਲੋਕ ਠੀਕ ਵੀ ਹੋ ਚੁੱਕੇ ਹਨ। ਇਸ ਖਤਰਨਾਕ ਵਾਇਰਸ ਨਾਲ ਜਿਲ੍ਹਾ ਗੁਰਦਾਸੁਪਰ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਗੁਰਦਾਸਪੁਰ ਵਿਚ 13 ਐਕਟਿਵ ਕੇਸ ਹਨ।
ਸੂਬੇ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੜੀ ਟੁੱਟ ਨਹੀਂ ਰਹੀ ਤੇ ਲੰਘੇ 24 ਘੰਟਿਆਂ ਦੌਰਾਨ 56 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 24 ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 2510 ਹੋ ਗਈ ਹੈ ਜਦੋਂਕਿ 2043 ਠੀਕ ਹੋਏ ਹਨ। ਸਭ ਤੋਂ ਜ਼ਿਆਦਾ ਕੇਸ ਲੁਧਿਆਣਾ ‘ਚ 23 ਸਾਹਮਣੇ ਆਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 15 ਹੋਰ ਵਿਅਕਤੀਆਂ ਕੋਰੋਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਪੀੜਤਾਂ ਦੀ ਗਿਣਤੀ 405 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪਠਾਨਕੋਟ ਵਿੱਚ ਵੀ ਲਗਾਤਾਰ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਬੁੱਧਵਾਰ ਤੋਂ ਅੱਜ ਤਕ ਇਸ ਨੀਮ ਪਹਾੜੀ ਖੇਤਰ ਵਿੱਚ 4 ਨਵੇਂ ਕੇਸ ਰਿਪੋਰਟ ਹੋਏ ਹਨ। ਜਲੰਧਰ ਵਿੱਚ 4, ਬਠਿੰਡਾ ਵਿੱਚ 3, ਫਾਜ਼ਿਲਕਾ, ਮੁਕਤਸਰ, ਰੋਪੜ, ਨਵਾਂਸ਼ਹਿਰ, ਸੰਗਰੂਰ, ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਇੱਕ-ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 46 ਤਕ ਪੁੱਜ ਗਈ ਹੈ।