60-year-old : ਜਿਲ੍ਹਾ ਬਠਿੰਡਾ ਦੇ ਪਿੰਡ ਪੂਹਲਾ ਵਿਚ ਸੋਮਵਾਰ ਨੂੰ ਇਕ ਬਜ਼ੁਰਗ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਉਹ ਸੁੱਤਾ ਪਿਆ ਸੀ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਹੱਤਿਆ ਤੋਂ ਬਾਅਦ ਹਮਲਾਵਰਾਂ ਨੇ ਘਰ ਦਾ ਸਾਮਾਨ ਵੀ ਚੈੱਕ ਕੀਤਾ ਸੀ। ਉਸ ਦਾ ਮੋਬਾਈਲ ਫੋਨ ਵੀ ਗਾਇਬ ਹੈ। ਉਸ ਦੀ ਹੱਤਿਆ ਇੰਨੀ ਬੇਰਹਿਮੀ ਨਾਲ ਕੀਤੀ ਗਈ ਕਿ ਮ੍ਰਿਤਕ ਦੇ ਪ੍ਰਾਈਵੇਟ ਅੰਗ ਨੂੰ ਵੀ ਕੱਟ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਮੋਗਾ ਜਿਲ੍ਹੇ ਦੇ 60 ਸਾਲਾ ਹਰਜੀਤ ਸਿੰਘ ਦੇ ਤੌਰ ‘ਤੇ ਹੋਈ ਹੈ ਜੋ ਪੂਹਲਾ ਵਿਚ ਅਕਸਰ ਆਪਣੀ ਜ਼ਮੀਨ ਦੇਖਣ ਲਈ ਆਉਂਦਾ ਸੀ। ਪਿੰਡ ਦੇ ਲੋਕਾਂ ਮੁਤਾਬਕ ਹੱਤਿਆ ਬਾਰੇ ਸਵੇਰੇ 6 ਵਜੇ ਪਤਾ ਲੱਗਾ। ਮ੍ਰਿਤਕ ਦੇ ਭਰਾ ਸਵਰਨਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਘਟਨਾ ਦਾ ਪਤਾ ਲੱਗਾ ਉਹ ਸਵੇਰੇ ਸਾਢੇ 7 ਵਜੇ ਪਿੰਡ ਪੁੱਜਾ। ਉਸ ਨੇ ਦੇਖਿਆ ਕਿ ਮੰਜੇ ‘ਤੇ ਉਸ ਦਾ ਭਰਾ ਮ੍ਰਿਤਕ ਪਿਆ ਸੀ। ਉਸ ਦਾ ਮੂੰਹ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਗਿਆ ਹੈ ਤੇ ਨਾਲ ਹੀ ਉਸ ਦਾ ਪ੍ਰਾਈਵੇਟ ਅੰਗ ਵੀ ਕੱਟਿਆ ਗਿਆ ਹੈ।
ਸੂਚਨਾ ਮਿਲਦੇ ਹੀ ਥਾਣਾ ਨਥਾਣਾ ਪੁਲਿਸ ਮੌਕੇ ‘ਤੇ ਪੁੱਜੀ। ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ। ਪੁਲਿਸ ਨੇ ਇਸ ਸਬੰਧ ਵਿਚ ਫਿਲਹਾਲ ਅਣਪਛਾਤੇ ਵਿਅਕਤੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।