60-year-old dies : ਚੰਡੀਗੜ੍ਹ ਵਿਚ ਕੋਰੋਨਾ ਕਾਰਨ ਇਕ ਹੋਰ ਵਿਅਕਤੀ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਬਾਪੂਧਾਮ ਕਾਲੋਨੀ ਦੇ 60 ਸਾਲਾ ਬਜ਼ੁਰਗ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਫੇਫੜੇ ਦੀ ਬੀਮਾਰੀ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਹੋਣ ਕਾਰਨ 12 ਜੂਨ ਨੂੰ GMCH-16 ਵਿਚ ਭਰਤੀ ਕਰਵਾਇਆ ਗਿਆ ਸੀ ਪਰ ਅੱਜ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਰ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਚੁੱਕੇ ਹਨ। ਇਸੇ ਤਰ੍ਹਾਂ ਸੋਮਵਾਰ ਨੂੰ 5 ਨਵੇਂ ਕੇਸ ਵੀ ਸਾਹਮਣੇ ਆਏ ਤੇ 6 ਮਰੀਜ਼ ਠੀਕ ਹੋ ਕੇ ਘਰ ਵੀ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਬਾਪੂਧਾਮ ਤੋਂ ਹੀ 65 ਸਾਲਾ ਇਕ ਔਰਤ ਕੋਰੋਨਾ ਪਾਜੀਟਿਵ ਪਾਈ ਗਈ। ਮਹਿਲਾ ਦੇ ਸੰਪਰਕ ਵਿਚ 6 ਵਿਅਕਤੀ ਸਨ ਉਨ੍ਹਾਂ ਦੇ ਵੀ ਸੈਂਪਲ ਲੈ ਲਏ ਗਏ ਹਨ।
ਕੋਰੋਨਾ ਨੇ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਇਹ ਹੁਣ ਵਧਦਾ ਹੋਇਆ ਚੰਡੀਗੜ੍ਹ ਦੇ ਕਾਲੋਨੀਆਂ ਤੋਂ ਇਲਾਵਾ ਵੱਖ-ਵੱਖ ਸੈਕਟਰਾਂ ਵਿਚ ਫੈਲ ਰਿਹਾ ਹੈ। ਹੁਣ ਕੋਰੋਨਾ ਸੈਕਟਰ-25 ਤਕ ਪਹੁੰਚ ਗਿਆ ਹੈ ਜਿਥੇ 35 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਚੰਡੀਗੜ੍ਹ ਵਿਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 358 ਤਕ ਪੁਜ ਗਈ ਹੈ ਤੇ ਐਕਟਿਵ ਮਾਮਲਿਆਂ ਦਾ ਅੰਕੜਾ 51 ਹੈ। ਸਿਹਤ ਵਿਭਾਗ ਵੀ ਵਧਦੇ ਕੋਰੋਨਾ ਪੀੜਤਾਂ ਕਾਰਨ ਚਿੰਤਾ ਵਿਚ ਹੈ ਤੇ ਸਿਹਤ ਵਿਭਾਗ ਦੀ ਟੀਮ ਹੋਰ ਚੌਕੰਨੀ ਹੋ ਗਈ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ‘ਤੇ ਖਾਸ ਨਜ਼ਰ ਰੱਖੀ ਜਾਵੇ ਤਾਂ ਜੋ ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਜਿਨ੍ਹਾਂ 11 ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਹਨ, ਉਨ੍ਹਾਂ ’ਚ ਅੰਮ੍ਰਿਤਸਰ ਵਿੱਚ 633, ਜਲੰਧਰ ਵਿੱਚ 347 , ਲੁਧਿਆਣਾ ਵਿੱਚ 387, ਗੁਰਦਾਸਪੁਰ ਵਿੱਚ 169, ਤਰਨਤਾਰਨ ਵਿੱਚ 168, ਪਟਿਆਲਾ ਵਿੱਚ 169, ਮੁਹਾਲੀ ਵਿੱਚ 175, ਪਠਾਨਕੋਟ 145, ਹੁਸ਼ਿਆਰਪੁਰ ਵਿੱਚ 141, ਸੰਗਰੂਰ ਵਿੱਚ 158, ਅਤੇ ਨਵਾਂਸ਼ਹਿਰ ਵਿੱਚ ਪੀੜਤਾਂ ਦੀ ਗਿਣਤੀ 120 ਤੱਕ ਪਹੁੰਚ ਗਈ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਤੋਂ ਥੱਲੇ ਹੈ। ਹੁਣ ਤੱਕ 2343 ਵਿਅਕਤੀਆਂ ਨੇ ਕੋਰੋਨਾ ‘ਤੇ ਫਤਿਹ ਵੀ ਹਾਸਲ ਕੀਤੀ ਹੈ ਤੇ 87 ਵਿਅਕਤੀ ਅੱਜ ਹੀ ਸਿਹਤਯਾਬ ਹੋਏ ਹਨ। ਇਸ ਸਮੇਂ 753 ਮਰੀਜ਼ ਇਲਾਜ ਅਧੀਨ ਹਨ।