8 month old baby : ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਰੋਜ਼ਾਨਾ ਵਧ ਰਹੀ ਹੈ। ਕਲ ਅੰਮ੍ਰਿਤਸਰ ਵਿਖੇ ਕੋਰੋਨਾ ਨਾਲ 8 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਐਤਵਾਰ ਨੂੰ ਅੰਮ੍ਰਿਤਸਰ ਵਿਖੇ 2 ਹੋਰਨਾਂ ਦੀ ਵੀ ਮੌਤ ਹੋਈ ਜਿਸ ਨਾਲ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਬੱਚੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਸੀ। ਬੱਚੀ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਟੈਸਟ ਲਈ ਭੇਜੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਕਲ ਅੰਮ੍ਰਿਤਸਰ ਵਿਖੇ 17 ਨਵੇਂ ਕੋਰੋਨਾ ਪਾਜੀਟਿਵ ਮਾਮਲੇ ਵੀ ਸਾਹਮਣੇ ਆਏ। ਇਸ ਤਰ੍ਹਾਂ ਜਿਲ੍ਹੇ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 500 ਨੂੰ ਪਾਰ ਕਰ ਗਈ ਹੈ। ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ 54 ਤਕ ਪੁੱਜ ਗਈ ਹੈ ਤੇ ਇਕੱਲੇ ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਨੇ 11 ਵਿਅਕਤੀਆਂ ਦੀ ਜਾਨ ਲੈ ਲਈ ਹੈ।
ਕਲ ਜਿਹੜੇ ਹੋਰ ਦੋ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਮੌਤ ਕੋਰੋਨਾ ਨਾਲ ਹੋਈ ਉਨ੍ਹਾੰ ਵਿਚ ਇਕ 60 ਸਾਲਾ ਅਰਜੁਨ ਕੁਮਾਰ ਅਤੇ 78 ਸਾਲਾ ਸਤਪਾਲ ਸਨ। ਮਿਲੀ ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਉਕਤ ਦੋਵੇਂ ਮਰੀਜ਼ ਕੋਰੋਨਾ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ ਤੇ ਅਚਾਨਕ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਕਲ ਉਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਕਲ ਜਿਲ੍ਹਾ ਜਲੰਧਰ ਵਿਖੇ ਵੀ ਕੋਰੋਨਾ ਦੇ ਪਾਜੀਟਿਵ ਮਰੀਜ਼ਾਂ ਦਾ ਅੰਕੜਾ 315 ਤਕ ਪੁੱਜ ਗਿਆ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 10 ਨਵੇਂ ਕੇਸ ਸਾਹਮਣੇ ਆ ਰਹੇ ਹਨ।
ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2650 ਤੋਂ ਪਾਰ ਹੋ ਗਈ ਹੈ। ਪੰਜਾਬ ਵਿਚ ਅੰਮ੍ਰਿਤਸਰ ਵਿਚ ਕੋਰੋਨਾ ਪਾਜੀਟਿਵ ਕੇਸ 500, ਜਲੰਧਰ ‘ਚ 315, ਲੁਧਿਆਣਾ ‘ਚ 255, ਤਰਨਤਾਰਨ ‘ਚ 167, ਮੋਹਾਲੀ ‘ਚ 125, ਪਟਿਆਲਾ ‘ਚ 141, ਸੰਗਰੂਰ ‘ਚ 99 ਕੇਸ, ਨਵਾਂਸ਼ਹਿਰ ‘ਚ 120, ਗੁਰਦਾਸਪੁਰ ‘ਚ 148 ਕੇਸ, ਮੁਕਤਸਰ ‘ਚ 71, ਮੋਗਾ ‘ਚ 66, ਫਰੀਦਕੋਟ ‘ਚ 69, ਫਿਰੋਜ਼ਪੁਰ ‘ਚ 46, ਫਾਜ਼ਿਲਕਾ ‘ਚ 47, ਬਠਿੰਡਾ ‘ਚ 54, ਪਠਾਨਕੋਟ ‘ਚ 86 ਤੇ ਰੋਪੜ ‘ਚ 71 ਕੋਰੋਨਾ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 2142 ਮਰੀਜ਼ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੇ ਹੁਣ ਤਕ ਕੋਰੋਨਾ ਨਾਲ ਸੂਬੇ ਵਿਚ 54 ਲੋਕਾਂ ਦੀ ਮੌਤ ਹੋ ਚੁੱਕੀ ਹੈ।