80 positive cases : ਸੂਬੇ ਵਿਚ ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿਚ ਕੋਰੋਨਾ ਦੇ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ ਪਰ ਪਟਿਆਲਾ ਜਿਲ੍ਹੇ ਤੋਂ ਇਕੋ ਦਿਨ ਵਿਚ 80 ਪਾਜੀਟਿਵ ਕੇਸ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵਲੋਂ ਦਿੱਤੀ ਗਈ। ਪਟਿਆਲਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 981 ਤਕ ਪੁੱਜ ਗਈ ਹੈ। 15 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਤੇ 394 ਕੋਰੋਨਾ ਵਿਰੁੱਧ ਆਪਣੀ ਜੰਗ ਜਿੱਤ ਵੀ ਚੁੱਕੇ ਹਨ।
ਜਿਹੜੇ 80 ਪਾਜੀਟਿਵ ਕੇਸ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ 51 ਪਟਿਆਲਾ ਸ਼ਹਿਰ ਤੋਂ, 9 ਰਾਜਪੁਰੇ ਤੋਂ, 1 ਪਾਤੜਾਂ ਤੋਂ ਤੇ 5 ਵੱਖ-ਵੱਖ ਪਿੰਡਾਂ ਤੋਂ ਹਨ। ਪਟਿਆਲੇ ਦੇ ਬੋਤਲਾਂ ਵਾਲੀ ਗਲੀ ਤੋਂ 6 ਕੇਸ, 4 ਘੁੰਮਣ ਨਗਰ ਤੋਂ, ਬਿਸ਼ਨ ਨਗਰ, ਕੇਸਰ ਬਾਗ, ਐੱਸ. ਐੱਸ. ਟੀ. ਨਗਰ ਤੋਂ 2 ਕੇਸ ਤੇ ਇਸੇ ਤਰ੍ਹਾਂ ਢਿੱਲੋਂ ਕਾਲੋਨੀ, ਅਜੀਤ ਨਗਰ, ਧਾਲੀਵਾਲ ਕਾਲੋਨੀ, ਪ੍ਰੀਤ ਕਾਲੋਨੀ, ਸਨੌਰ, ਕ੍ਰਿਸ਼ਨਾ ਕਾਲੋਨੀ, ਮੋਤੀ ਬਾਗ, ਲਹਿਲ ਕਾਲੋਨੀ, ਦੀਪ ਨਗਰ ਆਦਿ ਤੋਂ ਇਕ-ਇਕ ਪਾਜੀਟਿਵ ਕੇਸ ਸਾਹਮਣੇ ਆਇਆ ਹੈ। ਨਾਭਾ ਦੇ ਪੀਰਖਾਨਾ ਤੋਂ 1, ਹੀਰਾ ਕੰਬਾਈਨ ਕੈਂਟ ਰੋਡ ਤੋਂ 2, ਸਮਾਮਾ ਦੇ ਮੋਤੀਆ ਬਾਜ਼ਾਰ, ਅਗਰਸੈਨ ਕਾਲੋਨੀ, ਵਾਰਡ ਨੰਬਰ 10, ਪੀਰ ਗੋਰੀ ਮੁਹੱਲਾ ਤੋਂ 1-1 ਪਾਜੀਟਿਵ ਕੇਸ ਸਾਹਮਣੇ ਆਇਆ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਲੋਕਾਂ ਨੂੰ ਕੋਵਿਡ-19 ਨਾਲ ਪੀੜਤ ਲੋਕਾਂ ਦੀ ਮਦਦ ਕਰਨ ਲਈ ਵਧ ਤੋਂ ਵਧ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਵੀ ਅਪੀਲ ਕੀਤੀ। ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਨੂੰ ਆਈਸੋਲੇਸ਼ਨ ਵਾਰਡਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਹੁਣ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਕੋਰੋਨਾ ਪੀੜਤ ਲੋਕਾਂ ਦੇ ਸੰਪਰਕ ਵਿਚ ਸਨ।