84 cases of : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੂਬੇ ਵਿਚ ਇਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਿਲ੍ਹੇ ਵਿਚ 84 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 700 ਦੇ ਕਰੀਬ ਰਿਪੋਰਟਾਂ ਵਿਚੋ 84 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਚੋਂ ਦੋ ਪਾਜ਼ੀਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ.ਚੰਡੀਗੜ੍ਹ ਅਤੇ ਇੱਕ ਪਾਜ਼ੀਟਿਵ ਕੇਸ ਦੀ ਸੂਚਨਾ ਫੋਰਟਿਸ ਹਸਪਤਾਲ ਮੁਹਾਲੀ ਤੋਂ ਪ੍ਰਾਪਤ ਹੋਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 53 ਕੋਵਿਡ ਮਰੀਜ਼ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ ਦਰਮਿਆਨ ਆਏ 84 ਕੇਸਾਂ ਵਿਚੋਂ 37 ਪਟਿਆਲਾ ਸ਼ਹਿਰ, 16 ਰਾਜਪੁਰਾ,9 ਨਾਭਾ, 4 ਸਮਾਣਾ, 3 ਪਾਤੜਾਂ ਅਤੇ 15 ਵੱਖ ਵੱਖ ਪਿੰਡਾਂ ਤੋਂ ਹਨ। ਇਹਨਾਂ ਵਿਚੋਂ 44 ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾਂ ਵਿਚੋਂ ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਇੱਕ ਬਾਹਰੀ ਰਾਜ ਤੋਂ ਆਉਣ, 39 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ।
ਪਟਿਆਲਾ ਵਿਖੇ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 1397 ਤਕ ਪੁੱਜ ਗਈ ਹੈ। 735 ਮਰੀਜ਼ ਠੀਕ ਹੋ ਚੁੱਕੇ ਤੇ ਐਕਟਿਵ ਕੇਸਾਂ ਦੀ ਗਿਣਤੀ 642 ਹੈ ਤੇ 20 ਲੋਕ ਇਸ ਖਤਰਨਾਕ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਡਾ.ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ਦੇ ਆਰਿਆ ਸਮਾਜ ਮੰਦਰ ਏਰੀਆ, ਦੁਰਗਾ ਮੰਦਰ, ਗੁਰੂ ਨਾਨਕ ਨਗਰ ਨੇੜੇ ਅੰਬੇਦਕਰ ਚੌਂਕ ਅਤੇ ਬਹਾਦਰਗੜ੍ਹ ਦੇ ਹਰਗੋਬਿੰਦ ਕਲੋਨੀ ਵਿਚੋਂ ਜਿਆਦਾ ਕੇਸ ਆਉਣ ਤੇਂ ਇਹਨਾਂ ਏਰੀਆ ਵਿੱਚ ਮਾਈਕਰੋ ਕੰਟੈਨਮੈਂਟ ਜੋਨ ਲਗਾ ਕੇ ਇਹਨਾਂ ਏਰੀਏ ਵਿੱਚ ਅਗਲੇ 10 ਦਿਨਾਂ ਤੱਕ ਲੋਕਾਂ ਦੇ ਘਰਾਂ ਤੋਂ ਬਾਹਰ ਆਣ-ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਾਭਾ ਵਿੱਚ ਸਥਿਤ ਹੀਰਾ ਆਟੋਮੋਬਾਇਲ ਵਰਕਸ਼ਾਪ ਵਿੱਚ ਪਿਛਲੇ ਦਿਨੀ ਇੱਕ ਪਾਜ਼ਿਟਿਵ ਕੇਸ ਆਉਣ ਤੇਂ ਕੰਟੈਕਟ ਟਰੇਸਿੰਗ ਦੌਰਾਨ ਹੋਰ ਕਰਮਚਾਰੀਆਂ ਦੇ ਲਏ ਕੋਵਿਡ ਸੈਂਪਲਾਂ ਵਿਚੋਂ ਹੁਣ ਤੱਕ 15 ਹੋਰ ਕਰਮਚਾਰੀ ਪਾਜ਼ੀਟਿਵ ਪਾਏ ਗਏ ਹਨ। ਜਿਸ ਕਾਰਨ ਰਹਿੰਦੇ ਕਰਮਚਾਰੀਆਂ ਦੇ ਸੈਂਪਲ ਲੈਣ ਅਤੇ ਜਾਂਚ ਰਿਪੋਰਟ ਆਉਣ ਤੱਕ ਹੀਰਾ ਆਟੋਮੋਬਾਇਲ ਵਰਕਸ਼ਾਪ ਨੂੰ ਬੰਦ ਕਰ ਦਿੱਤਾ ਗਿਆ ਹੈ।
ਪ੍ਰਸ਼ਾਸਨ ਵਲੋਂ ਵਰਕਸ਼ਾਪ ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਰੇ ਕਰਮਚਾਰੀ ਅੱਗੇ ਆ ਕੇ ਆਪਣੀ ਕੋਵਿਡ ਜਾਂਚ ਕਰਵਾਉਣ ਅਤੇ ਸੰਪਰਕ ਬਾਰੇ ਦੱਸਣ। ਡਾ.ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਕਿੱਲਾ ਚੌਂਕ ਅਤੇ ਰਾਘੋ ਮਾਜਰਾ ਆਦਿ ਏਰੀਏ ਵਿੱਚੋਂ ਅਲੱਗ ਅਲੱਗ ਥਾਂਵਾ ਤੋਂ ਕੋਵਿਡ ਪਾਜ਼ੀਟਿਵ ਕੇਸ ਆਉਣਾ ਜਾਰੀ ਹਨ।ਸੰਘਣੀ ਅਬਾਦੀ ਵਾਲੇ ਇਲਾਕੇ ਹੋਣ ਕਾਰਣ ਇੱਥੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਿਆਦਾ ਸੁਚੇਤ ਰਹਿਣ ਦੀ ਲੋੜ ਹੈ।