92-year-old : ਮੁਕਤਸਰ : ਮਾਂ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜ ਦੇ ਇਸ ਕਲਯੁੱਗ ‘ਚ ਆਪਣੇ ਹੀ ਪੁੱਤ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਬਿਰਧ ਆਸ਼ਰਮਾਂ ‘ਚ ਰਹਿਣ ਲਈ ਮਜਬੂਰ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਤੋਂ ਸਾਮਣੇ ਆਇਆ ਹੈ ਜਿੱਥੇ ਇੱਕ 92 ਸਾਲਾ ਬਜ਼ੁਰਗ ਮਾਤਾ ਜਮੀਨ ਜ਼ਾਇਦਾਦ ਹੁੰਦੇ ਹੋਏ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਜਾਣਕਾਰੀ ਦਿੰਦਿਆਂ 92 ਸਾਲਾ ਬਜ਼ੁਰਗ ਦਲੀਪ ਕੌਰ ਪਤਨੀ ਸਵਰਗੀ ਸੁਬੇਗ ਸਿੰਘ ਵਾਸੀ ਤਾਮਕੋਟ ਨੇ ਆਪਣੇ ਹੀ ਪੁੱਤਰ ਸੁਖਰਾਜ ਸਿੰਘ ’ਤੇ ਕਥਿਤ ਦੋਸ਼ ਲਗਾਇਆ ਕਿ ਉਸ ਨੂੰ ਘਰੋਂ ਬੇ ਘਰ ਕਰਕੇ ਦਰ ਬ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਗਿਆ ਤੇ ਪੁੱਤਰ ਸੁਖਰਾਜ ਸਿੰਘ ਨੇ ਧੋਖੇ ਨਾਲ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ।
ਜਾਣਕਾਰੀ ਦਿੰਦਿਆਂ 92 ਸਾਲਾ ਬਜ਼ੁਰਗ ਦਲੀਪ ਕੌਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਵੀ ਹਨ, ਜਿੰਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ, ਪਰ ਉਕਤ ਸੁਖਰਾਜ ਸਿੰਘ ਵਲੋਂ ਆਪਣੀਆਂ ਭੈਣਾਂ ਨੂੰ ਵੀ ਘਰ ਆਉਣ ਤੋਂ ਰੋਕ ਦਿੱਤਾ ਗਿਆ। ਘਰੋਂ ਬੇ ਘਰ ਹੋਣ ਤੋਂ ਬਾਅਦ ਮਾਤਾ ਕਦੇ ਵੱਡੀ ਬੇਟੀ ਅਤੇ ਕਦੇ ਛੋਟੀ ਬੇਟੀ ਦੇ ਘਰ ਰਹਿਣ ਲਈ ਮਜ਼ਬੂਰ ਹੈ। ਅਖੀਰ ਮਾਤਾ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਆਪਣੇ ਪੁੱਤਰ ਸੁਖਰਾਜ ਸਿੰਘ ਦੇ ਖਿਲਾਫ ਜ਼ਿਲ੍ਹਾ ਪੁਲਸ ਮੁਖੀ ਨੂੰ ਇਕ ਦਰਖਾਸਤ ਦਿੱਤੀ ਹੈ। ਇਸ ਦਰਖਾਸਤ ਵਿਚ ਮਾਤਾ ਨੇ ਦੱਸਿਆ ਹੈ ਕਿ 1992 ਵਿਚ ਉਸ ਦੇ ਪਤੀ ਦਾ ਕਤਲ ਹੋ ਗਿਆ ਸੀ, ਜਿਸ ਤੋਂ ਬਾਅਦ ਮੇਰੇ ਪੁੱਤਰ ਨੇ ਮੈਨੂੰ ਵੀ ਘਰੋਂ ਕੱਢ ਦਿੱਤਾ। ਇਸੇ ਲਈ ਬਜ਼ੁਰਗ ਮਾਤਾ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਬਜ਼ੁਰਗ ਮਾਤਾ ਦਲੀਪ ਕੌਰ ਦੇ ਪੁੱਤਰ ਸੁਖਰਾਜ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੈਂ ਮਾਤਾ ਨੂੰ ਆਪਣੇ ਘਰ ਲਿਆਉਣ ਲਈ ਕਈ ਵਾਰ ਗਿਆ, ਪਰ ਮਾਤਾ ਮੇਰੇ ਨਾਲ ਆਉਣ ਨੂੰ ਤਿਆਰ ਨਹੀਂ ਹੈ, ਉਹ ਸਿਰਫ਼ ਕੁੜੀਆਂ ਕੋਲ ਰਹਿ ਕੇ ਹੀ ਖੁਸ਼ ਹੈ, ਜਦੋਂ ਮਾਤਾ ਦੀ ਪੈਨਸ਼ਨ ਬਾਰੇ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰਾ ਮਾਤਾ ਨਾਲ ਕੋਈ ਜੁਆਇੰਟ ਖਾਤਾ ਨਹੀਂ ਹੈ, ਉਹ ਦੀ ਪੈਨਸ਼ਨ ਉਸ ਦੇ ਖੁੱਦ ਦੇ ਖਾਤੇ ਵਿੱਚ ਆ ਰਹੀ ਤੇ ਕੁੜੀਆਂ (ਮੇਰੀਆਂ ਭੈਣਾਂ) ਨਾਲ ਜਾ ਕੇ ਪੈਨਸ਼ਨ ਕੱਢਵਾ ਕੇ ਲਿਆਂਉਦੀਆਂ ਹਨ। ਇਸ ਤੋਂ ਇਲਾਵਾ ਜਦੋਂ ਜਮੀਨ ਬਾਰੇ ਸੁਖਰਾਜ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸ ਨੇ ਜਮੀਨ ਆਪਣੇ ਬੇਟੇ ਦੇ ਨਾਮ ’ਤੇ ਕਰਵਾ ਦਿੱਤੀ ਹੈ, ਤੇ ਹੁਣ ਉਸ ਕੋਲ ਸ੍ਰੀ ਮੁਕਤਸਰ ਸਾਹਿਬ ਵਿਖੇ ਘਰ ਤੋਂ ਇਲਾਵਾ ਕੁੱਝ ਵੀ ਨਹੀਂ ਹੈ। ਥਾਣਾ ਲੱਖੇਵਾਲੀ ਦੇ ਮੁਖੀ ਮਾਇਆ ਦੇਵੀ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਤਫਤੀਸ਼ ਕਰ ਰਹੇ ਹਨ ਤੇ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।