A 19-year-old : ਸ਼ਾਹਕੋਟ : ਕੈਨੇਡਾ ‘ਚ ਭਾਰਤੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਜਾਰੀ ਹੈ। ਅੱਜ ਸ਼ਾਹਕੋਟ ਤੋਂ ਇੱਕ ਦੁਖਦ ਖਬਰ ਆਈ ਹੈ ਜਿਥੇ ਕੈਨੇਡਾ ਸਟੱਡੀ ਵੀਜ਼ੇ ‘ਤੇ ਗਏ ਇੱਕ ਨੌਜਵਾਨ ਦੀ ਵੈਨਕੂਵਰ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਭਦੀਪ ਸਿੰਘ ਥਿੰਦ (19) ਪੁੱਤਰ ਹਰਵਿੰਦਰ ਸਿੰਘ ਥਿੰਦ ਵਾਸੀ ਆਜ਼ਾਦ ਨਗਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਭਦੀਪ ਸਿੰਘ ਅਜੇ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਪ੍ਰਭਦੀਪ ਸਿੰਘ ਦੇ ਪਿਤਾ ਦੀ ਮਲਸੀਆਂ ਰੋਡ ‘ਤੇ ਦੁਕਾਨ ਹੈ। ਪ੍ਰਭਦੀਪ ਸਿੰਘ ਅਜੇ 2019 ‘ਚ ਹੀ ਕੈਨੇਡਾ ਸਟੱਡੀ ਵੀਜ਼ੇ ‘ਤੇ ਗਿਆ ਸੀ ਤੇ ਉਹ ਕੈਨੇਡਾ ਜਾ ਕੇ ਆਪਣਾ ਚੰਗਾ ਭਵਿੱਖ ਬਣਾਉਣਾ ਚਾਹੁੰਦਾ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਪ੍ਰਭਦੀਪ ਸਿੰਘ ਨਾਲ ਇਹ ਹਾਦਸਾ ਹੋ ਜਾਵੇਗਾ ਅਤੇ ਉਸ ਦੇ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ।
ਪ੍ਰਭਦੀਪ ਨੇ ਕੁਝ ਦੇਰ ਪਹਿਲਾਂ ਨਵੀਂ ਕਾਰ ਖਰੀਦੀ ਸੀ ਅਤੇ ਆਪਣੇ ਦੋਸਤਾਂ ਨਾਲ ਕਾਰ ‘ਚ ਘੁੰਮਣ ਗਿਆ ਸੀ ਤੇ ਸ਼ੁੱਕਰਵਾਰ ਨੂੰ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਸੜਕ ਹਾਦਸਾ ਹੋ ਗਿਆ। ਮੌਤ ਦੀ ਖਬਰ ਮਿਲਦਿਆਂ ਹੀ ਪ੍ਰਭਦੀਪ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ‘ਚ ਮਾਤਮ ਦਾ ਮਾਹੌਲ ਛਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਭਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।