A CRPF sub-inspector : ਦਿੱਲੀ ਦੇ ਪਾਸ਼ ਇਲਾਕੇ ਲੋਧੀ ਅਸਟੇਟ ਵਿਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਇਕ ਕੋਠੀ ਵਿਚ ਵਾਪਰੀ ਹੈ ਤੇ ਮੌਕੇ ‘ਤੇ ਸਾਰੇ ਸੀਨੀਅਰ ਅਫਸਰ ਮੌਜੂਦ ਹਨ। ਲੋਧੀ ਅਸਟੇਟ ਏਰੀਆ ਨਵੀਂ ਦਿੱਲੀ ਸੰਸਦੀ ਖੇਤਰ ‘ਚ ਆਉਂਦਾ ਹੈ। ਇਥੇ ਨੇਤਾਵਾਂ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਦਾ ਘਰ ਹੈ। ਇਥੇ ਗੋਲੀਆਂ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਨਸਨੀਖੇਜ ਗੋਲੀਕਾਂਡ ਵਿਚ ਕੇਂਦਰੀ ਰਿਜ਼ਰਵ ਪੁਲਿਸ ਦੇ ਦੋ ਕਰਮਚਾਰੀਆਂ ਦੀ ਮੌਤ ਹੋ ਗਈ। ਸੀ. ਆਰ. ਪੀ. ਐੱਫ. ਸਬ-ਇੰਸਪੈਕਟਰ ਨੇ ਪਹਿਲਾਂ ਇਕ ਸੀ. ਆਰ. ਪੀ. ਐੱਫ. ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਉਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਗੋਲੀਕਾਂਡ ਵਿਚ ਮੌਕੇ ‘ਤੇ ਹੀ ਦੋਵਾਂ ਦੀ ਮੌਤ ਹੋ ਗਈ। ਘਟਨਾ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੁੱਕਰਵਾਰ ਦੇਰ ਰਾਤ 61 ਲੋਧੀ ਅਸਟੇਟ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਟੀਮ ਮੌਕੇ ‘ਤੇ ਪੁੱਜੀ ਤਾਂ ਦੇਖਿਆ ਕਿ CRPF ਦੇ ਦੋ ਜਵਾਨ ਗੋਲੀ ਲੱਗਣ ਨਾਲ ਜ਼ਖਮੀ ਸਨ ਪਰ ਥੋੜ੍ਹੀ ਦੇਰ ਬਾਅਦ ਦੋਵਾਂ ਨੇ ਦਮ ਤੋੜ ਦਿੱਤਾ। ਪਤਾ ਲੱਗਾ ਹੈ ਕਿ ਸੀ. ਆਰ. ਪੀ. ਐੱਫ. ਦੇ ਸਬ ਇੰਸਪੈਕਟਰ ਕਰਨੈਲ ਸਿੰਘ ਤੇ ਇੰਸਪੈਕਟਰ ਦਸ਼ਰਥ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਤੇ ਬਹਿਸ ਵਧਣ ਕਾਰਨ ਸਬ-ਇੰਸਪੈਕਟਰ ਨੇ ਗੋਲੀ ਚਲਾ ਦਿੱਤੀ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।