A fire broke : ਜਿਲ੍ਹਾ ਬਠਿੰਡਾ ਦੇ ਕਸਬਾ ਭੁੱਚੋ ਮੰਡੀ ‘ਚ ਸ਼ੁੱਕਰਵਾਰ ਨੂੰ ਇੱਕ ਚੱਲਦੀ ਕਾਰ ‘ਚ ਅੱਗ ਲੱਗ ਗਈ। ਦੱਸਿਆ ਜਾਂਦਾ ਹੈ ਕਿ ਇਸ ਕਾਰ ਨੂੰ ਦੋ ਦਿਨ ਪਹਿਲਾਂ ਹੀ ਖਰੀਦਿਆ ਗਿਆ ਸੀ ਅਤੇ ਅੱਜ ਸੜਕ ‘ਤੇ ਨਿਕਲਦੇ ਹੀ ਇਹ ਹਾਦਸਾ ਹੋ ਗਿਆ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾਇਆ, ਉਥੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਆਲੀਕੇ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਸਵਾ ਲੱਖ ਰੁਪਏ ‘ਚ ਲਈ ਸੀ। ਸ਼ੁੱਕਰਵਾਰ ਨੂੰ ਉਹ ਕੋਟੜਾ ਕੋੜੀਆਂ ਵਾਲਾ ਨਿਵਾਸੀ ਆਪਣੇ ਸਾਥੀ ਅਮਨਦੀਪ ਸਿੰਘ ਨਾਲ ਬੈਸਟ ਪ੍ਰਾਈਜ ‘ਚ ਘਰੇਲੂ ਸਾਮਾਨ ਖਰੀਦਣ ਆਇਆ ਸੀ। ਖਰੀਦਦਾਰੀ ਤੋਂ ਬਾਅਦ ਜਦੋਂ ਉਹ ਦੋਵੇਂ ਘਰ ਵਾਪਸ ਜਾ ਰਹੇ ਸਨ ਤਾਂ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜ਼ਾ ਦੇ ਨੇੜੇ ਰਿਲਾਇੰਸ ਪੈਟਰੋਲ ਪੰਪ ‘ਤੇ ਕਾਰ ‘ਚ ਤੇਲ ਪੁਆਇਆ।
ਜਿਵੇਂ ਹੀ ਪੰਪ ਤੋਂ ਨਿਕਲ ਕੇ ਸੜਕ ‘ਤੇ ਆਏ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਅਚਾਨਕ ਹੀ ਅੱਗ ਭੜਕ ਗਈ। ਸਾਰਾ ਕੁਝ ਇੰਨੀ ਜਲਦੀ ਹੋਇਆ ਕਿ ਕੀ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਨ੍ਹਾਂ ਨੇ ਜਲਦੀ ਕਾਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਛਾਉਣੀ ਦੇ ਐੱਸ. ਐੱਚ. ਓ. ਨਰਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ‘ਤੇ ਪੁੱਜੇ। ਇਸ ਤੋਂ ਬਾਅਦ ਬਠਿੰਡਾ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਕਬਾੜ ਵਿੱਚ ਤਬਦੀਲ ਹੋ ਚੁੱਕੀ ਸੀ।