A fire broke out : ਇਕ ਪਾਸੇ ਜਿਥੇ ਲੌਕਡਾਊਨ ਕਾਰਨ ਪਹਿਲਾਂ ਹੀ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ ਉਥੇ ਭਵਾਨੀਗੜ੍ਹ ਤੋਂ ਬੀਤੀ ਰਾਤ ਇਕ ਜੁੱਤੀਆਂ ਦੇ ਤਿੰਨ ਮੰਜ਼ਿਲਾ ਸ਼ੋਅਰੂਮ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ ਪਰ ਅੱਗ ਭਿਆਨਕ ਹੋਣ ਕਾਰਨ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਲ ਲੌਕਡਾਊਨ ਕਾਰਨ ਸਾਰਾ ਦਿਨ ਉਨ੍ਹਾਂ ਦੀ ਦੁਕਾਨ ਬੰਦ ਸੀ ਤੇ ਬੀਤੀ ਰਾਤ ਲਗਭਗ 1.30 ਵਜੇ ਉਨ੍ਹਾਂ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਉਨ੍ਹਾਂ ਦੇ ਸ਼ੋਅਰੂਮ ਵਿਚ ਅੱਗ ਲੱਗ ਗਈ ਹੈ ਤੇ ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਅੱਗ ਹੇਠਲੀ ਮੰਜ਼ਿਲ ਤੋਂ ਸ਼ੁਰੂ ਹੋ ਕੇ ਉਪਰ ਤਕ ਪੁੱਜ ਚੁੱਕੀ ਸੀ। ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਉਹ ਲਗਭਗ ਡੇਢ ਘੰਟੇ ਬਾਅਦ ਪੁੱਜੀ। ਇਸ ਦੌਰਾਨ ਅੱਗ ਨੇ ਬਿਲਡਿੰਗ ਦੀਆਂ ਤਿੰਨ ਮੰਜਿਲਾਂ ਨੂੰ ਆਪਣੇ ਲਪੇਟ ਵਿਚ ਲੈ ਲਿਆ ਸੀ ਤੇ ਅੱਗ ਕਾਰਨ ਬਹੁਤ ਸਾਰਾ ਸਾਮਾਨ ਸੜ ਗਿਆ।
ਇਸ ਮੌਕੇ ਫਕੀਰ ਚੰਦ ਸਿੰਗਲਾ, ਚਿੰਨੂ ਮੜਕਨ, ਰਮੇਸ਼ ਮੇਸ਼ੀ, ਸਚਿਨ ਕੁਮਾਰ, ਕ੍ਰਿਸ਼ਨ ਚੰਦ, ਪ੍ਰਭਾਤ ਕੁਮਾਰ ਵੀਰਾ ਆਦਿ ਦੁਕਾਨਦਾਰਾਂ ਨੇ ਦੁਕਾਨਦਾਰ ਨੂੰ ਅੱਗ ਨਾਲ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣ ਵਿਚ ਦੇਰੀ ਹੋਣ ਕਾਰਨ ਨੁਕਸਾਨ ਜ਼ਿਆਦਾ ਹੋ ਗਿਆ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਪੁੱਜ ਜਾਂਦੀਆਂ ਤਾਂ ਇੰਨਾ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਜਾਣਾ ਸੀ। ਸਿੰਗਲਾ ਬੂਟ ਹਾਊਸ ਸ਼ੋਅ ਰੂਮ ਦੇ ਮਾਲਕ ਦਾ ਕਹਿਣਾ ਹੈ ਕਿ ਅਜੇ ਕੁਝ ਦੇਰ ਪਹਿਲਾਂ ਹੀ ਉਸ ਨੇ ਆਪਣਾ ਤਿੰਨ ਮੰਜਿਲਾ ਸ਼ੋਅਰੂਮ ਬਣਾਇਆ ਸੀ ਤੇ ਅੱਗ ਲੱਗਣ ਕਾਰਨ ਲਗਭਗ 50 ਲੱਖ ਦਾ ਨੁਕਸਾਨ ਹੋ ਗਿਆ।