A huge fire: ਜਿਲ੍ਹਾ ਜਲੰਧਰ ਦੇ ਇਲਾਕੇ ਬਸਤੀ ਗੁਜਾਂ ਵਿਖੇ ਦਿਲਬਾਗ ਮਠਿਆਈ ਦੀ ਦੁਕਾਨ ‘ਤੇ ਅੱਜ ਸਵੇਰੇ ਅੱਗ ਲੱਗ ਗਈ। ਅੱਗ ਦੇ ਕਾਰਨਾਂ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਇਹ ਹੀ ਕਿਹਾ ਜਾ ਰਿਹਾ ਹੈ ਕਿ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਅੱਜ ਸਵੇਰੇ ਲਗਭਗ 5 ਵਜੇ ਲੱਗੀ। ਅੱਗ ਲੱਗਦਿਆਂ ਹੀ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤੇ ਉਨ੍ਹਾਂ ਵਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਦੁਕਾਨ ਦੇ ਮਾਲਕ ਦਾ ਕਿੰਨਾ ਨੁਕਸਾਨ ਹੋਇਆ ਹੈ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਰੱਖੜੀ ਦਾ ਤਿਓਹਾਰ ਨੇੜੇ ਹੋਣ ਕਾਰਨ ਦੁਕਾਨ ‘ਚ ਮਠਿਆਈਆਂ ਬਹੁਤ ਜ਼ਿਆਦਾ ਬਣੀਆਂ ਹੋਈਆਂ ਸਨ ਜੋ ਸਾਰੀਆਂ ਹੀ ਸੜ ਕੇ ਸੁਆਹ ਹੋ ਗਈਆਂ। ਦੁਕਾਨ ਦੇ ਮਾਲਕ ਅਸ਼ੋਕ ਛਾਬੜਾ ਵਲੋਂ ਮਿਲੀ ਜਾਣਕਾਰੀ ਮੁਤਾਬਕ ਉਸ ਨੂੰ ਸਵੇਰੇ 5 ਵਜੇ ਫੋਨ ਆਇਆਕਿ ਦੁਕਾਨ ‘ਚ ਅੱਗ ਲੱਗ ਗਈ ਹੈ ਜਿਸ ਕਾਰਨ ਉਹ ਉਸੇ ਸਮੇਂ ਦੁਕਾਨ ‘ਤੇ ਪੁੱਜੇ ਅਤੇ ਉਨ੍ਹਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।
ਅਸ਼ੋਕ ਛਾਬੜਾ ਨੇ ਵੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਦੇ ਬਾਹਰ ਕਾਫੀ ਦੇਰ ਤੋਂ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਸਨ ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ ਤੇ ਦੁਕਾਨ ਨੂੰ ਅੱਗ ਲੱਗ ਗਈ। ਸਾਬਕਾ ਡਿਪਟੀ ਮੇਅਰੀ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਦਿਲਬਾਗ ਸਵੀਟ ਸ਼ਾਪ ਲਗਭਗ 40 ਸਾਲ ਪੁਰਾਣੀ ਹੈ ਤੇ ਅੱਗ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ।