A security guard was: ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ-32 ਦੀ ਐਮਰਜੈਂਸੀ ਵਿਚ ਜ਼ਖਮੀ ਨੌਜਵਾਨ ਨਾਲ ਜ਼ਿਆਦਾ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣ ‘ਤੇ ਕੁਝ ਬਦਮਾਸ਼ਾਂ ਨੇ ਸਕਿਓਰਿਟੀ ਗਾਰਡ ਦੀ ਇਸ ਤਰ੍ਹਾਂ ਪਿਟਾਈ ਕੀਤੀ ਕਿ ਉਸ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ ਤੇ ਇਲਾਜ ਦੌਰਾਨ ਉਸ ਨੇ ਸੋਮਵਾਰ ਸਵੇਰੇ ਹੀ ਦਮ ਤੋੜ ਦਿੱਤਾ। ਸਕਿਓਰਿਟੀ ਗਾਰਡ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹਸਪਤਾਲ ਵਿਚ ਇਕ ਐਕਸੀਡੈਂਟ ਕੇਸ ਆਇਆ ਸੀ। ਰਾਮ ਦਰਬਾਰ ਨੇ ਹਾਦਸੇ ਵਿਚ ਜ਼ਖਮੀ ਨੌਜਵਾਨ ਨੂੰ ਲਗਭਗ 8 ਤੋਂ 10 ਲੋਕ ਲੈ ਕੇ ਆਏ ਸਨ। ਉਸ ਦੀ ਹਾਲਤ ਨੂੰ ਦੇਖਦੇ ਹੀ ਡਾਕਟਰ ਨੇ ਉਸ ਨੂੰ ਐਮਰਜੈਂਸੀ ਵਿਚ ਸ਼ਿਫਟ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਜ਼ਖਮੀ ਨਾਲ ਆਏ ਸਾਰੇ ਨੌਜਵਾਨ ਐਮਰਜੈਂਸੀ ਵਿਚ ਵੜਨ ਲੱਗੇ। ਐਮਰਜੈਂਸੀ ਡਿਊਟੀ ਵਿਚ ਤਾਇਨਾਤ ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਐਮਰਜੈਂਸੀ ਵਿਚ ਭੀੜ ਲਗਾਉਣ ਤੋਂ ਮਨ੍ਹਾ ਕੀਤਾ। ਇਸ ਗੱਲ ਤੋਂ ਗੁੱਸਾ ਹੋ ਕੇ ਨੌਜਵਾਨਾਂ ਨੇ ਸਕਿਓਰਿਟੀ ਗਾਰਡ ਦੀ ਮਾਰਕੁੱਟ ਕਰਕੇ ਉਸ ਨੂੰ ਘਸੀਟਦੇ ਹੋਏ ਬਾਹਰ ਲੈ ਕੇ ਚਲੇ ਗਏ।
ਮ੍ਰਿਤਕ ਦੀ ਪਛਾਣ ਰਾਏਪੁਰ ਖੁਰਦ ਦੇ ਰਹਿਣ ਵਾਲੇ ਸ਼ਾਮ ਸੁੰਦਰ ਵਜੋਂ ਹੋਈ ਹੈ। ਸ਼ਾਮ ਸੁੰਦਰ ਨੂੰ ਬਚਾਉਣ ਲਈ ਜਦੋਂ ਇਕ ਹੋਰ ਸੁਰੱਖਿਆ ਕਰਮਚਾਰੀ ਅੱਗੇ ਆਇਆ ਤਾਂ ਬਦਮਾਸ਼ਾਂ ਨੇ ਉਸ ਨੂੰ ਵੀ ਕੁੱਟ ਕੇ ਜ਼ਖਮੀ ਕਰ ਦਿੱਤਾ। ਸ਼ਾਮ ਸੁੰਦਰ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਸੱਟਾਂ ਜ਼ਿਆਦਾ ਲੱਗਣ ਕਾਰਨ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ ਅਤੇ ਇਸ ਤੋਂ ਇਲਾਵਾ ਇਸ ਮਾਰਕੁੱਟ ਵਿਚ 3 ਹੋਰ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕਮਲਦੀਪ ਨਾਂ ਦੇ ਸੁਰੱਖਿਆ ਗਾਰਡ ਨੂੰ ਜ਼ਿਆਦਾ ਸੱਟਾਂ ਲੱਗੀਆਂ ਤੇ ਉਸ ਦਾ ਹਸਪਤਾਲ ਵਿਚ ਹੀ ਇਲਾਜ ਚੱਲ ਰਿਹਾ ਹੈ।
ਦੂਜੇ ਪਾਸੇ ਅਮਨ ਅਤੇ ਦਰਸ਼ਨ ਨਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੱਤੀ ਗਈ ਤੇ ਉਹ ਮੌਕੇ ‘ਤੇ ਪੁੱਜੀ। ਪੁਲਿਸ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਦਬੋਚ ਲਿਆ ਜਾਵੇਗਾ।