A shameful case : ਜਲੰਧਰ : ਮਾਪੇ ਜਿਹੜੇ ਚਾਵਾਂ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਬੁਢਾਪੇ ‘ਚ ਉਹ ਮਾਪਿਆਂ ਦਾ ਸਹਾਰਾ ਬਣਨਗੇ ਪਰ ਅੱਜ ਕਲ ਦੇ ਬੱਚੇ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ‘ਤੇ ਬੋਝ ਸਮਝਣ ਲੱਗੇ ਹਨ ਤੇ ਕਿਸੇ ਤਰ੍ਹਾਂ ਇਸ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੇ ਹਨ। ਆਏ ਦਿਨ ਬਜ਼ੁਰਗਾਂ ਨੂੰ ਘਰੋਂ ਕੱਢਣ ਦੇ ਮਾਮਲੇ ਪੰਜਾਬ ਤੋਂ ਸਾਹਮਣੇ ਆ ਰਹੇ ਹਨ। ਅਜੇ ਮੁਕਤਸਰ ਤੋਂ ਬਜ਼ੁਰਗ ਬੀਬੀ ਨੂੰ ਘਰੋਂ ਬਾਹਰ ਕੱਢਣ ਦਾ ਮਾਮਲਾ ਗਰਮਾਇਆ ਹੋਇਆ ਸੀ ਕਿ ਅਜਿਹਾ ਹੀ ਇਕ ਹੋਰ ਮਾਮਲਾ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਸੱਸ ਨੂੰ ਆਪਣੀ ਨੂੰਹ ‘ਤੇ ਉਸ ਨੂੰ ਘਰੋਂ ਕੱਢਣ ਦੇ ਦੋਸ਼ ਲਗਾਏ ਹਨ ਜਦਕਿ ਨੂੰਹ ਦਾ ਕਹਿਣਾ ਹੈ ਕਿ ਉਸ ਦੀ ਸੱਸ ਗਲਤ ਦੋਸ਼ ਲਗਾ ਰਹੀ ਹੈ।
ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੀ ਨੂੰਹ ਅਧਿਆਪਕ ਹੈ ਤੇ ਉਹ ਉਸ ਦੇ ਮਕਾਨ ‘ਚ ਰਹਿ ਰਹੀ ਹੈ। ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੇ ਵੱਡੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਤੋਂ ਬਾਅਦ ਉਸ ਦੀ ਨੂੰਹ ਨੇ ਮਕਾਨ ‘ਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਜਦੋਂ ਨੂੰਹ ਬਲਵਿੰਦਰ ਕੌਰ ਕੋਲੋਂ ਇਸ ਗੱਲ ਦੀ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਸੱਸ ਵਲੋਂ ਲਗਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਉਹ ਝੂਠ ਬੋਲ ਰਹੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਬਣਾਏ ਨਿੱਜੀ ਮਕਾਨ ‘ਚ ਰਹਿ ਰਹੀ ਹੈ ਜੋ ਕਿ ਉਸ ਨੇ 2001 ਵਿਚ ਬਣਾਇਆ ਸੀ ਤੇ ਉਸ ਦੀ ਸੱਸ ਦਾ ਪੁਰਾਣਾ ਮਕਾਨ ਉਸ ਦੇ ਕੋਲ ਹੀ ਹੈ। ਮੈਂ ਆਪਣੀ ਸੱਸ ਨੂੰ ਘਰੋਂ ਬਾਹਰ ਨਹੀਂ ਕੱਢਿਆ।
SHO ਅਵਤਾਰ ਸਿੰਘ ਨੇ ਸਾਰੇ ਮਾਮਲੇ ਬਾਰੇ ਜਾਂਚ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁੱਤਰ ਜੋਗਾ ਸਿੰਘ , ਉਸ ਦੀ ਮਾਂ ਲੱਛਣ ਕੌਰ ਦਾ ਘਰ ਨੂੰ ਲੈ ਕੇ ਨੂੰਹ ਬਲਵਿਦੰਰ ਕੌਰ ਨਾਲ ਕੇਸ ਚੱਲ ਰਿਹਾ ਹੈ ਤੇ ਉਹ 2018 ਤੋਂ ਵਖ ਰਹਿ ਰਹੇ ਹਨ। ਨੂੰਹ ਨੇ ਬਜ਼ੁਰਗ ਸੱਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਘਰ ‘ਤੇ ਕਬਜ਼ਾ ਕਰ ਲਿਆ ਹੈ। ਬਹੁਜਨ ਸਮਾਜ ਪਾਰਟੀ ਦੇ ਆਗੂ ਹਰਮੇਸ਼ ਕੁਮਾਰ, ਪੁਲਿਸ ਪਾਰਟੀ ਮੌਕੇ ‘ਤੇ ਮੌਜੂਦ ਸਨ ਤੇ ਉਨ੍ਹਾਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਮਨਾਂ ‘ਚ ਡਰ ਪੈਦਾ ਹੋ ਸਕੇ ਤੇ ਕੋਈ ਹੋਰ ਬਜ਼ੁਰਗਾਂ ਨੂੰ ਘਰਾਂ ‘ਚੋਂ ਕੱਢਣ ਤੋਂ ਪਹਿਲਾਂ ਸੋਚਣ।