A shocking case : ਬਠਿੰਡਾ : ਹਸਪਤਾਲਾਂ ‘ਚ ਆਏ ਦਿਨ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨਾਲ ਇਕ ਪਾਸੇ ਤਾਂ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਜੇ ਪਾਸੇ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ। ਅੱਜ ਜਿਲ੍ਹਾ ਬਠਿੰਡਾ ਤੋਂ ਸਿਵਲ ਹਸਪਤਾਲ ਦਾ ਅਜਿਹਾ ਮਾਮਲਾ ਸਾਹਮਣਾ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਉਥੇ ਇਕ ਪੁੱਤਰ ਵਲੋਂ ਸਿਵਲ ਹਸਪਤਾਲ ਦੇ ਬਾਹਰ ਬੈਠ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਹਸਪਤਾਲ ਵਾਲੇ ਉਸ ਨੂੰ ਉਸ ਦੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ।
ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਨੇ ਦੱਸਿਆ ਕਿ ਕਲ ਉਸ ਦੇ ਪਿਤਾ ਨੂੰ ਖੂਨ ‘ਚ ਇੰਫੈਕਸ਼ਨ ਦੀ ਸ਼ਿਕਾਇਤ ਆਈ ਸੀ ਜਿਸ ਕਾਰਨ ਉਸ ਨੇ ਬਠਿੰਡਾ ਸਿਵਲ ਹਸਪਤਾਲ ਵਿਖੇ ਆਪਣੇ ਪਿਤਾ ਨੂੰ ਭਰਤੀ ਕਰਵਾ ਦਿੱਤਾ ਪਰ ਕਮਜ਼ੋਰੀ ਕਾਰਨ ਉਸ ਦੇ ਪਿਤਾ ਨੂੰ ਵ੍ਹੀਲ ਚੇਅਰ ‘ਤੇ ਬਿਠਾ ਕੇ ਹਸਪਤਾਲ ਵਿਚ ਲਿਜਾਇਆ ਗਿਆ। ਹਸਪਤਾਲ ‘ਚ ਅਹਿਤਿਆਤ ਦੇ ਤੌਰ ‘ਤੇ ਉਸ ਦੇ ਪਿਤਾ ਦਾ ਕੋਰੋਨਾ ਟੈਸਟ ਕੀਤਾ ਗਿਆ, ਜੋ ਕਿ ਪਾਜੀਟਿਵ ਆਇਆ ਜਿਸ ਤੋਂ ਬਾਅਦ ਪੀੜਤ ਨੇ ਆਪਣੇ ਪਿਤਾ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਤੇ ਜਦੋਂ ਉਹ ਸਵੇਰੇ ਆਪਣੇ ਪਿਤਾ ਨੂੰ ਮਿਲਣ ਲਈ ਆਇਆ ਤਾਂ ਉਹ ਹਸਪਤਾਲ ਵਾਲਿਆਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ।
ਉਸ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਕਿ ਮਰੀਜ਼ ਹਸਪਤਾਲ ਤੋਂ ਫਰਾਰ ਹੋ ਗਿਆ ਹੈ। ਪੀੜਤ ਕਾਫੀ ਦੇਰ ਤਕ ਹਸਪਤਾਲ ਦੇ ਬਾਹਰ ਹੀ ਬੈਠਿਆ ਰਿਹਾ ਪਰ ਉਦੋਂ ਉਸ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਹਸਪਤਾਲ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਪਰ ਪੀੜਤ ਵਿਅਕਤੀ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋਇਆ। ਪੀੜਤ ਵਿਅਕਤੀ ਨੇ ਹਸਪਤਾਲ ਵਾਲਿਆਂ ‘ਤੇ ਦੋਸ਼ ਲਗਾਇਆ ਹੈ ਕਿ ਉਹ ਸੱਚ ਨੂੰ ਲੁਕਾ ਰਹੇ ਹਨ ਕਿਉਂਕਿ ਨਾ ਤਾਂ ਹਸਪਤਾਲ ਵਾਲੇ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਨੂੰ ਦਿਖਾ ਰਹੇ ਹਨ ਤੇ ਨਾ ਹੀ ਉਸ ਬਾਰੇ ਕੁਝ ਦੱਸ ਰਹੇ ਹਨ। ਪੀੜਤ ਵਿਅਕਤੀ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।