Akal Degree College : ਇਕ ਪਾਸੇ ਜਿਥੇ ਪੂਰੇ ਵਿਸ਼ਵ ਵਿਚ ਕੋਰੋਨਾ ਕਾਲ ਚੱਲ ਰਿਹਾ ਹੈ ਉਥੇ ਦੂਜੇ ਪਾਸੇ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਜਿੱਥੇ ਇੱਕ ਪਾਸੇ ਨਿੱਜੀ ਹਿੱਤਾਂ ਦੀ ਪੂਰਤੀ ਲਈ 20ਵੀਂ ਸਦੀ ਦੇ ਮਹਾਨ, ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਸੰਕਲਪਾਂ ਨੂੰ ਸਮਰਪਿਤ ਤੇ ਮੂਰਤੀਮਾਨ ਕਰਦੀ ਇਲਾਕੇ ਦੀ ਇਸਤਰੀ ਵਿਦਿਆ ਦੀ ਇੱਕੋ ਇੱਕ ਸੰਸਥਾ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਬਾਰੇ ਪਿਛਲੇ ਕੁੱਝ ਸਮੇਂ ਤੋਂ ਯੋਜਨਾਬੱਧ ਤਰੀਕੇ ਨਾਲ ਮੀਡੀਆ ਰਾਹੀਂ ਝੂਠ, ਬੇਬੁਨਿਆਦ ਤੱਥ ਰਹਿਤ, ਆਧਾਰਹੀਣ, ਗੁੰਮਰਾਹਕੁਨ ਅਤੇ ਮੰਦ ਭਾਵਨਾ ਅਧੀਨ ਪ੍ਰਚਾਰ ਕਰਕੇ ਕਾਲਜ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਥੇ ਨਾਲ ਹੀ ਇਲਾਕੇ ਦੇ ਸੰਜੀਦਾ ਸ਼ਹਿਰੀਆਂ, ਸਿੱਖਿਆ ਸ਼ਾਸਤਰੀਆਂ, ਵਿਦਵਾਨਾਂ, ਚਿੰਤਕਾਂ, ਅਧਿਆਪਕਾਂ, ਸਮਾਜਕ, ਧਾਰਮਿਕ ਸੰਸਥਾਵਾਂ ਦੇ ਮੁਖੀਆਂ, ਸੰਤਾਂ ਦੀ ਸੋਚ ਨੂੰ ਪ੍ਰਣਾਏ ਮੋਹਤਬਰਾਂ, ਸੱਭਿਆਚਾਰਕ ਹਸਤੀਆਂ, ਪਤਵੰਤੇ ਸ਼ਹਿਰੀਆਂ, ਵਿਦਿਆਰਥਣਾਂ ਅਤੇ ਕਾਲਜ ਤੋਂ ਸਿੱਖਿਅਤ ਵਿਦਿਆਰਥਣਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾ ਕੇ ਕਾਲਜ ਨੂੰ ਫੇਲ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਇਸ ਸੰਦਰਭ ਵਿੱਚ ਤੱਥਾਂ ਸਹਿਤ ਸਥਿਤੀ ਨੂੰ ਸਪਸ਼ਟ ਕਰਦੇ ਹੋਏ ਕਾਲਜ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਸ. ਕਰਨਵੀਰ ਸਿੰਘ ਸਿਬੀਆ ਨੇ ਅਹਿਮ ਖੁਲਾਸੇ ਕਰਦੇ ਹੋਏ ਦੱਸਿਆ ਕਿ ਇਸ ਇਲਾਕੇ ਵਿੱਚ ਇਸਤਰੀ ਵਿਦਿਆ ਦਾ ਚਾਨਣ ਬਿਖੇਰਨ ਲਈ ਇਹ ਕਾਲਜ ਸਥਾਪਤ ਕੀਤਾ ਸੀ। ਇਹ ਕਾਲਜ ਆਪਣੀਆਂ ਸ਼ਾਨਦਾਰ ਉਪਲਬਧੀਆਂ ਸਦਕਾ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਮਾਲਵਾ ਇਲਾਕੇ ਦੀ ਸਿਰਕੱਢ ਸੰਸਥਾ ਬਣ ਗਿਆ। ਅੱਜ ਵਿਦਿਅਕ ਖੇਤਰ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਦੇ ਕਾਰਣ ਬਹੁਤ ਸਾਰੇ ਨਵੇਂ ਕੋਰਸ ਹੋਂਦ ਵਿੱਚ ਆਏ ਅਤੇ ਕਈ ਕੋਰਸ ਗੈਰ—ਉਪਯੋਗੀ ਹੋ ਗਏ ਹਨ। 1970 ਵਿੱਚ 50 ਵਿਦਿਆਰਥਣਾਂ ਨਾਲ ਆਰੰਭ ਹੋਏ ਇਸ ਕਾਲਜ ਵਿੱਚ ਕਿਸੇ ਸਮੇਂ ਇੱਕ ਹਜ਼ਾਰ ਤੋਂ ਵੱਧ ਵਿਦਿਆਰਥਣਾਂ ਦਾ ਦਾਖਲਾ ਅਤੇ ਛੇ ਸੌ ਤੋਂ ਵੱਧ ਬੱਚੀਆਂ ਹੋਸਟਲ ਵਿੱਚ ਰਹਿੰਦੀਆਂ ਸਨ, ਪਰ ਵਿਦਿਆ ਦੇ ਬਦਲਦੇ ਰੁਝਾਨਾਂ ਤੇ ਚਲ ਰਹੇ ਗੈਰ ਉਪਯੋਗੀ ਕੋਰਸਾਂ ਦੇ ਕਾਰਣ ਮੌਜੂਦਾ ਸਮੇਂ ਕਾਲਜ ਦੀ ਆਰਟਸ ਸਟਰੀਮ ਵਿੱਚ ਸਿਰਫ 289 ਵਿਦਿਆਰਥਣਾਂ ਦਾ ਦਾਖਲਾ ਹੈ ਤੇ ਹੋਸਟਲ ਵਿੱਚ ਸਿਰਫ 23 ਦੇ ਕਰੀਬ ਵਿਦਿਆਰਥਣਾਂ ਰਹਿੰਦੀਆਂ ਹਨ। ਕਿਸੇ ਕਾਲਜ ਨੂੰ ਚਲਾਉਣ ਲਈ ਐਂਟਰੀ ਪੁਆਇੰਟ ਤੇ 400 ਬੱਚਿਆਂ ਦਾ ਦਾਖਲਾ ਹੋਣਾ ਚਾਹੀਦਾ ਹੈ ਅਤੇ ਤਿੰਨ ਸਾਲਾਂ ਲਈ ਡਿਗਰੀ ਕੋਰਸ ਵਿੱਚ ਘੱਟੋ ਘੱਟ 600 ਬੱਚੇ ਦਾਖਲ ਹੋਣ ਤਾਂ ਉਨ੍ਹਾਂ ਦੀਆਂ ਫੀਸਾਂ ਦੇ ਨਾਲ ਕਾਲਜ ਦੇ ਸਟਾਫ ਦੀਆਂ ਤਨਖਾਹਾਂ ਦੇ ਖਰਚੇ ਵੀ ਬੜੀ ਮੁਸ਼ਕਿਲ ਨਾਲ ਪੂਰੇ ਹੁੰਦੇ ਹਨ।
ਇਨ੍ਹਾਂ ਹਾਲਾਤਾਂ ਵਿੱਚ ਮੈਨੇਜਮੈਂਟ ਨੇ ਬਹੁਤ ਗੰਭੀਰਤਾ ਨਾਲ ਸੋਚ ਵਿਚਾਰ ਉਪਰੰਤ ਬਦਲਦੇ ਰੁਝਾਨਾਂ ਨੂੰ ਦੇਖਦੇ ਹੋਏ ਗੈਰ ਉਪਯੋਗੀ ਕੋਰਸਾਂ ਦੀ ਥਾਂ ਨਵੇਂ ਕਿੱਤਾਮੁਖੀ ਕੋਰਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਲਾਕੇ ਦੀਆਂ ਪੇਂਡੂ, ਦਲਿਤ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਕਿੱਤਾਮੁੱਖੀ ਕੋਰਸ ਕਰਕੇ ਰੋਜ਼ਗਾਰ ਮਿਲ ਕੇ। ਇਲਾਕੇ ਦੀਆਂ ਪੇਂਡੁ ਤੇ ਦਲਿਤ ਲੜਕੀਆਂ ਨੂੰ ਦੂਸਰੇ ਸ਼ਹਿਰਾਂ ‘ਚ ਜਾ ਕੇ ਮਹਿੰਗੇ ਕੋਰਸਾਂ ਵਿੱਚ ਦਾਖਲਾ ਲੈਣਾ ਅਸੰਭਵ ਹੈ।ਇਨ੍ਹਾਂ ਹਾਲਤਾਂ ਵਿੱਚ ਕਾਲਜ ਦੇ ਕੋਰਸਾਂ ਦੀ ਰੀਸਟਰਕਚਿੰਗ ਕਰਨਾ ਬਹੁਤ ਜਰੂਰੀ ਹੈ ਅਤੇ ਹਰੇਕ ਸੰਸਥਾ ਨੂੰ ਇਹ ਅਧਿਕਾਰ ਹੈ ਕਿਉਂਕਿ ਪੰਜਾਹ ਸਾਲ ਪੁਰਾਣੇ ਕੋਰਸਾਂ ਦੀ ਅੱਜ ਦੀਆਂ ਹਾਲਤਾਂ ਵਿੱਚ ਅਹਿਮਤੀਅਤ ਖਤਮ ਹੋ ਚੁੱਕੀ ਹੈ। ਉਨ੍ਹਾਂ ਨੇ ਹੋਰ ਵਿਸਥਾਰ ਦਿੰਦੇ ਹੋਏ ਦੱਸਿਆ ਕਿ ਕਾਲਜ ਕੈਂਪਸ ਵਿੱਚ ਅਕਾਲ ਕਾਲਜੀਏਟ ਸਕੂਲ ਸਾਲ 2005 ਤੋਂ ਚੱਲ ਰਿਹਾ ਹੈ ਜੋ ਨੌਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਾਲਜ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਹੈ। ਇਹ ਸਿਰਫ ਅਫਵਾਹਾਂ ਹਨ ਇਨ੍ਹਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ।