Akali Dal opposes : ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਸਰਕਾਰੀ ਮੈਡੀਕਲ ਕਾਲਜਾਂ ਵਿੱਚ MBBS ਕੋਰਸਾਂ ਲਈ ਫੀਸਾਂ ਵਿਚ 75 ਫੀਸਦੀ ਵਾਧਾ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਨਾਲ ਹੀ ਵਾਧਾ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ MBBS ਦੀ ਫੀਸ ਘਟਾਉਣ ਦੀ ਜ਼ਰੂਰਤ ਹੈ ਤਾਂ ਜੋ ਆਮ ਵਿਦਿਆਰਥੀ ਵੀ ਡਾਕਟਰ ਬਣ ਸਕਣ। ਉਨ੍ਹਾਂ ਕਿਹਾ ਕਿ ਇਹੀ ਵਿਦਿਆਰਥੀ ਹਨ ਜੋ ਦਿਹਾਤੀ ਖੇਤਰਾਂ ਵਿੱਚ ਸਰਕਾਰੀ ਸੇਵਾਵਾਂ ਦੇਣ ਲਈ ਤਿਆਰ ਹੋਣਗੇ। ਪਰ ਕਾਂਗਰਸ ਸਰਕਾਰ ਵੱਲੋਂ ਇਸ ਦੇ ਉਲਟ MBBS ਕੋਰਸਾਂ ਦੀ ਫੀਸਾਂ ਵਧਾ ਦਿੱਤੀਆਂ ਹਨ।
ਡਾ. ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਇਹ ਨਜਾਇਜ਼ ਵਾਧਾ ਵਾਪਸ ਨਹੀਂ ਲੈਂਦੀ ਤਾਂ ਫਿਰ ਸੂਬੇ ਵਿਚ ਡਾਕਟਰਾਂ ਦੀ ਘਾਟ ਹੋਰ ਵੱਧ ਜਾਵੇਗੀ। । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੈਡੀਕਲ ਕਾਲਜਾਂ ਲਈ ਗ੍ਰਾਂਟਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ MBBS ਦੇ ਨਾਲ ਨਾਲ ਪੋਸਟ ਗਰੈਜੂਏਟ ਕੋਰਸਾਂ ਲਈ ਫੀਸਾਂ ਵਿਚ ਵੀ ਵਾਧਾ ਨਾ ਕਰਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜੋ ਇਸ ਵੇਲੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਦਾਖਲਾ ਲੈਂਦੇ ਹਨ, ਉਹ 4.4 ਲੱਖ ਰੁਪਏ ਫੀਸ ਦਿੰਦੇ ਹਨ ਤੇ ਵਾਧੇ ਮਗਰੋਂ ਉਹਨਾਂ ਨੂੰ 7.80 ਲੱਖ ਰੁਪਏ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਫੀਸ 13.4 ਲੱਖ ਤੋਂ ਵਧਾ ਕੇ 18 ਲੱਖ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਪ੍ਰਾਈਵੇਟ ਕਾਲਜਾਂ ਵਿਚ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਲਈ ਫੀਸ ਵਧਾ ਕੇ 48 ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ NRI ਕੋਟੇ ਲਈ 81 ਲੱਖ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਪਿਆਂ ਨੂੰ ਹੋਸਟਲਾਂ ਤੇ ਕਿਤਾਬਾਂ ’ਤੇ 6 ਤੋਂ 7 ਲੱਖ ਰੁਪਏ ਵਾਧੂ ਖਰਚਣੇ ਪੈਣਗੇ ਤੇ ਕੋਰੋਨਾ ਮਹਾਮਾਰੀ ਦੌਰਾਨ ਜੋ ਪਹਿਲਾਂ ਹੀ ਕਮਜ਼ੋਰ ਆਰਥਿਕ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਲਈ ਇਹ ਵਾਧੂ ਬੋਝ ਸਹਿਣਾ ਬਹੁਤ ਮੁਸ਼ਕਲ ਹੋਵੇਗਾ।
ਡਾ. ਚੀਮਾ ਨੇ ਕਾਂਗਰਸ ਸਰਕਾਰ ਦੀ ਇਸ ਗਲਤ ਨੀਤੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਮੈਡੀਕਲ ਫੀਸ ਵਿਚ ਕਾਫੀ ਵਾਧਾ ਕਰ ਦਿੱਤਾ ਹੈ ਜਦਕਿ ਦੂਜੇ ਪਾਸੇ ਇਹ ਡਾਕਟਰਾਂ ਨੂੰ 50 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਘੱਟ ਹੈ। ਜੇਕਰ ਸਰਕਾਰ ਨੇ ਨੀਤੀਆਂ ਨੂੰ ਠੀਕ ਕਰਨ ਲਈ ਕਦਮ ਨਾ ਚੁੱਕੇ ਤਾਂ ਦਿਹਾਤੀ ਇਲਾਕਿਆਂ ਵਿਚ ਮੈਡੀਕਲ ਸਹੂਲਤਾਂ ਦੀ ਬਹੁਤ ਘਾਟ ਹੋ ਜਾਵੇਗੀ।