Akali leader Daljit Cheema : SAD 18 ਜੂਨ ਨੂੰ ਸਾਰੇ ਸੂਬੇ ਵਿਚ ਡੀ. ਸੀ. ਨੂੰ ਮੰਗ ਪੱਤਰ ਦੇ ਕੇ ਸ਼ਰਾਬ, ਬੀਜ ਤੇ ਰਾਸ਼ਨ ਘਪਲਿਆਂ ਲਈ ਜ਼ਿੰਮੇਵਾਰ ਕਾਂਗਰਸੀਆਂ ਖਿਲਾਫ ਕਾਰਵਾਈ ਦੀ ਮੰਗ ਕਰੇਗਾ ਅਤੇ ਲੌਕਡਾਊਨ ਦੌਰਾਨ ਘਰੇਲੂ ਤੇ ਇੰਡਸਟਰੀ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ ਕਰਨ, ਲੇਬਰ ਕੀਮਤਾਂ ਵਿਚ ਵਾਧੇ ਬਦਲੇ ਕਿਸਾਨਾਂ ਨੂੰ ਸਿੱਧਾ ਮੁਆਵਜ਼ਾ ਦੇਣ ਤੇ ਕਾਂਗਰਸੀਆਂ ਦੇ ਇਸ਼ਾਰੇ ‘ਤੇ ਕੱਟੇ ਗਏ ਨੀਲੇ ਕਾਰਡ ਬਾਹਲ ਕਰਨ ਦੀ ਵੀ ਮੰਗ ਕਰੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਵਲੋਂ ਦਿਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਗੂਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਪੰਜਾਬ ਵਿਚ 5600 ਕਰੋੜ ਰੁਪਏ ਦੇ ਸ਼ਰਾਬ ਦੇ ਘਪਲੇ ਵਿਚ ਸ਼ਾਮਲ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਵੱਡੇ ਨੇਤਾਵਾਂ ਦਾ ਹੱਥ ਉਨ੍ਹਾਂ ਦੇ ਸਿਰ ‘ਤੇ ਹੈ। ਕਾਂਗਰਸੀ ਨੇਤਾ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਵੀ ਆਪਣੇ ਚਹੇਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸੂਬੇ ਵਿਚ ਸ਼ਰਾਬ ਘਪਲੇ ਵਿਚ ਸ਼ਾਮਲ ਮੁੱਖ ਸਰਗਣਾ ਸਰੇਆਮ ਘੁੰਮ ਰਹੇ ਹਨ ਅਤੇ ਸਰਕਾਰ ਛੋਟੀਆਂ ਮੱਛੀਆਂ ਨੂੰ ਫੜ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬੀਜ ਘਪਲੇ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਸਿਰਫ ਤਾਂ ਹੀ ਸੰਭਵ ਹੈ ਜੇਕਰ ਇਹ ਕੰਮ ਸੀ. ਬੀ. ਆਈ. ਨੂੰ ਸੌਂਪਿਆ ਜਾਵੇ ਤਾਂ ਜੋ ਇਨ੍ਹਾਂ ਘਪਲਿਆਂ ਦੀ ਨਿਰਪੱਖ ਜਾਂਚ ਹੋ ਸਕੇ।
ਪਾਰਟੀ ਨੇ ਕਿਹਾ ਕਿ ਸੂਬੇ ਵਲੋਂ ਇਨ੍ਹਾਂ ਘਪਲਿਆਂ ਵਿਚ ਹਜ਼ਾਰਾਂ ਕਰੋੜ ਰੁਪਏ ਗੁਆ ਲਏ ਗਏ ਪਰ ਫਿਰ ਵੀ ਸਰਕਾਰ ਨੇ 673 ਕਰੋੜ ਰੁਪਏ ਸ਼ਰਾਬ ਦੇ ਠੇਕੇਦਾਰਾਂ ਤੇ 150 ਕਰੋੜ ਰੁਪਏ ਰੇਤ ਮਾਫੀਆ ਨੂੰ ਰਾਹਤ ਦੇ ਦਿੱਤੀ ਹੈ। ਅਕਾਲੀ ਦਲ ਵਲੋਂ ਖੰਡ ਮਿੱਲਾਂ ਵਲੋਂ ਗੰਨਾ ਉਤਪਾਦਕਾਂ ਦੇ 383 ਕਰੋੜ ਰੁਪਏ ਨਾ ਦੇਣ ਦੇ ਖਿਲਾਫ ਵੀ ਆਵਾਜ਼ ਉਠਾਏਗਾ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਉਨ੍ਹਾਂ ਸਾਰੇ ਨੀਲੇ ਕਾਰਡਾਂ ਨੂੰ ਵੀ ਬਹਾਲ ਕਰਨ ਦੀ ਮੰਗ ਕਰੇਗਾ ਜੋ ਕਾਂਗਰਸੀ ਨੇਤਾਵਾਂ ਵਲੋਂ ਗਲਤ ਤਰੀਕੇ ਨਾਲ ਕੱਟੇ ਗਏ ਹਨ। ਅਕਾਲੀ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਲੌਕਡਾਊਨ ਦੌਰਾਨ ਸਾਰੇ ਬਿਜਲੀ, ਪਾਣੀ ਤੇ ਸੀਵਰੇਜ ਬਿੱਲਾਂ ਦੀ ਜ਼ਿੰਮੇਵਾਰੀ ਖੁਦ ਲਵੇ। ਅਖੀਰ ‘ਚ ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਸਰਕਾਰ ਨੂੰ ਸਾਰੇ ਕਾਰਡ ਬਹਾਲ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਹੜੇ ਗਲਤ ਤਰੀਕੇ ਨਾਲ ਸੂਬੇ ਵਿਚ ਕੱਟੇ ਗਏ ਹਨ।