Angered by the loss : ਆਈ. ਏ. ਐੱਸ. ਅਧਿਕਾਰੀ ਵਿਨੀ ਮਹਾਜਨ ਨੂੰ ਸੂਬੇ ਦੀ ਪਹਿਲੀ ਮਹਿਲਾ ਸੂਬਾ ਸਕੱਤਰ ਨਿਯੁਕਤ ਕੀਤੇ ਜਾਣ ਦੇ ਅਗਲੇ ਹੀ ਦਿਨ ਇਸ ਅਹੁਦੇ ਤੋਂ ਹਟਾਏ ਗਏ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੋ ਮਹੀਨੇ ਦੀ ਛੁੱਟੀ ‘ਤੇ ਚਲੇ ਗਏ ਹਨ। ਇੰਝ ਲੱਗਦਾ ਹੈ ਕਿ ਸਰਕਾਰ ਦੇ ਇਸ ਫੈਸਲੇ ਤੋਂ ਕਰਨ ਅਵਤਾਰ ਸਿੰਘ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਿਹਰ ਤਕ ਮੁੱਕ ਸਕੱਤਰ ਦੇ ਅਹੁਦੇ ‘ਤੇ ਰਹਿੰਦੇ ਹੋਏ ਕਰਨ ਅਵਤਾਰ ਸਿੰਘ ਨੇ ਰਾਜ ਪੱਧਰੀ ਸਟੈਂਡਿੰਗ ਕਮੇਟੀ (ਐੱਸ. ਐੱਲ. ਐੱਸ. ਸੀ.) ਦੀ ਪ੍ਰਧਾਨਗੀ ਕਰਦੇ ਹੋਏ 1100 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਵੀਨੀਕਰਨ ਅਤੇ 16 ਪੁਲਾਂ ਦੇ ਨਿਰਮਾਣ ਨੂੰ ਸਹਿਮਤੀ ਦਿੱਤੀ ਸੀ। ਉਦੋਂ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਮੁੱਖ ਸਕੱਤਰ ਦੇ ਤੌਰ ‘ਤੇ ਇਹ ਉਨ੍ਹਾਂ ਦੀ ਆਖਰੀ ਮੀਟਿੰਗ ਹੈ।
ਟਰਾਂਸਫਰ ਦੇ ਆਰਡਰ ਮਿਲਦਿਆਂ ਹੀ ਕਰਨ ਅਵਤਾਰ ਨੂੰ ਸਪੈਸ਼ਲ ਮੁੱਖ ਸਕੱਤਰ ਪਬਲਿਕ ਰਿਫਾਰਮ ਅਤੇ ਗ੍ਰੀਵਾਂਸੇਜ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਕਰਨ ਅਵਤਾਰ 31 ਅਗਸਤ ਨੂੰ ਰਿਟਾਇਰ ਹੋਣ ਵਾਲੇ ਹਨ ਅਤੇ ਉਨ੍ਹਾਂ ਨੇ 2 ਮਹੀਨੇ ਦੀ ਛੁੱਟੀ ਲਈ ਅਪਲਾਈ ਕਰਕੇ ਸਾਫ ਕਰ ਦਿੱਤਾ ਹੈ ਕਿ ਉਹ ਹੁਣ ਰਿਟਾਇਰਮੈਂਟ ਦੀ ਸਿਰਫ ਰਸਮੀ ਕਾਰਵਾਈ ਪੂਰੀ ਕਰਨ ਲਈ ਹੀ ਦਫਤਰ ਆਉਣਗੇ। ਮੁੱਖ ਸਕੱਤਰ ਦੇ ਰੂਪ ਵਿਚ ਕਰਨ ਅਵਤਾਰ ਸਿੰਘ ਦਾ ਤਿੰਨ ਸਾਲ ਦਾ ਕਾਰਜਕਾਲ ਬੇਦਾਗ ਰਿਹਾ ਜਦੋਂ ਕਿ ਨਵੀਂ ਐਕਸਾਈਜ ਪਾਲਿਸੀ ਨੂੰ ਲੈ ਕੇ ਸਬ-ਕਮੇਟੀ ਵਿਚ ਉਨ੍ਹਾਂ ਦੀ ਥੋੜ੍ਹੀ-ਬਹੁਤ ਬਹਿਸ ਹੋਈ ਸੀ। ਇਸ ਤੋਂ ਬਾਅਦ ਤੋਂ ਹੀ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ‘ਤੇ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਸ਼ੁਰੂ ਕਰ ਦਿੱਤੀ ਸੀ।
ਆਖਿਰ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ। ਵਿਨੀ ਮਹਾਜਨ ਦੀ ਨਿਯੁਕਤੀ ਨੂੰ ਲੈ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਤਰਾਜ਼ ਜਤਾਇਆ ਹੈ। ਖਹਿਰਾ ਨੇ ਇਸ ਮਾਮਲੇ ਵਿਚ ਸੀਨੀਅਰ ਅਫਸਰਾਂ ਨੂੰ ਕਿਨਾਰਾ ਕਰਨ ਦਾ ਦੋਸ਼ ਲਗਾਇਆ ਹੈ। ਖਹਿਰਾ ਨੇ ਕਿਹਾ ਕਿ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਨਿਯੁਕਤ ਕਰਨ ਲਈ 5 ਸੀਨੀਅਰ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਨੀ ਮਹਾਜਨ ਦੀ ਮੁੱਖ ਸਕੱਤਰ ਦੇ ਰੂਪ ਵਿਚ ਨਿਯੁਕਤੀ ਵੀ ਸੀਨੀਅਰ ਅਧਿਕਾਰੀਆਂ ਵਲੋਂ ਮੁਕੱਦਮੇਬਾਜ਼ੀ ਦਾ ਇਕ ਹੋਰ ਮੌਕਾ ਸਰਕਾਰ ਨੂੰ ਦੇਵੇਗੀ।