Another death in Corona : ਕੋਰੋਨਾ ਨਾਲ ਜਲੰਧਰ ਵਿਚ 9ਵੀਂ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਾਸੀ ਟੈਗੋਰ ਨਗਰ 64 ਸਾਲਾ ਵਿਅਕਤੀ ਦੇ ਤੌਰ ‘ਤੇ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਪਹਿਲਾਂ ਜਲੰਧਰ ਦੇ SGL ਹਸਪਤਾਲ ਵਿਚ ਦਾਖਲ ਸੀ ਪਰ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ 1 ਜੂਨ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਵਿਚ ਸ਼ਿਫਟ ਕੀਤਾ ਗਿਆ। ਉਕਤ ਮਰੀਜ਼ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ। ਕਲ ਜਦੋਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜੀਟਿਵ ਪਾਈ ਗਈ। ਇਲਾਜ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਇਸ ਤਰ੍ਹਾਂ ਜਿਲ੍ਹਾ ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਤਕ ਪੁੱਜ ਗਈ ਹੈ।
ਡਿਫੈਂਸ ਕਾਲੋਨੀ ਵਿਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਅਤੇ ਤਿੰਨ ਮੁਲਾਜ਼ਮਾਂ ਸਮੇਤ 12 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 2 ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਜਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 265 ਤਕ ਪੁੱਜ ਗਈ ਹੈ। ਇਸੇ ਤਰ੍ਹਾਂ ਲਾਜਪਤ ਨਗਰ ਤੋਂ ਸ਼ੁਰੂ ਹੋਈ ਕੋਰੋਨਾ ਦੀ ਚੇਨ ਮਜ਼ਬੂਤ ਹੁੰਦੀ ਜਾ ਰਹੀ ਹੈ। ਲਾਜਪਤ ਨਗਰ ਤੋਂ ਨਿਊ ਜਵਾਹਰ ਨਗਰ ਅਤੇ ਹੁਣ ਡਿਫੈਂਸ ਕਾਲੋਨੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਨਕੋਦਰ ਰੋਡ ‘ਤੇ ਸਥਿਤ ਲਵਲੀ ਸੈਨੇਟਰੀ ਸਟੋਰ ਦੇ ਮਾਲਕ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਪਰਿਵਾਰਕ ਦੇ 7 ਮੈਂਬਰਾਂ ਅਤੇ ਤਿੰਨ ਸਟਾਫ ਮੈਂਬਰਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਦੁੱਖ ਵਾਲੀ ਗੱਲ ਹੈ ਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਆਏ ਦਿਨ ਰੋਜ਼ਾਨਾ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਭਾਵੇਂ ਬਹੁਤ ਸਾਰੇ ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ, ਨਾਲ ਹੀ ਦੂਜੇ ਪਾਸੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਜਲੰਧਰ ਵਿਚ ਕੋਰੋਨਾ ਨਾਲ ਹੋਣ ਵਾਲੀ 9ਵੀਂ ਮੌਤ ਹੈ, ਜਿਸ ਨਾਲ ਲੋਕਾਂ ਵਿਚ ਸਹਿਮ ਤੇ ਡਰ ਪੈਦਾ ਹੋ ਰਿਹਾ ਹੈ।