Another Punjabi youth : ਮਲੋਟ : ਕੈਨੇਡਾ ਦੀਆਂ ਝੀਲਾਂ ਵਿਚ ਮਰਨ ਵਾਲੇ ਪੰਜਾਬੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਸ਼ਨੀਵਾਰ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਕਲਟਸ ਲੇਕ ਵਿਚ ਡੁੱਬ ਕੇ ਪੂਰੇ ਹੋਏ ਮਨਪ੍ਰੀਤ ਸਿੰਘ ਦਾ ਅਜੇ ਲੋਕ ਸੋਗ ਮਨਾ ਹੀ ਰਹੇ ਸੀ ਕਿ ਇਕ ਹੋਰ ਪੰਜਾਬੀ ਨੌਜਵਾਨ ਅਲਬਰਟਾ ਦੀ ਲੇਕ ਵਿਚ ਫੋਟੋ ਖਿਚਵਾਉਣ ਵੇਲੇ ਮੌਤ ਦੇ ਮੂੰਹ ਵਿਚ ਚਲਾ ਗਿਆ। ਨੌਜਵਾਨ ਦੀ ਪਛਾਣ 23 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ। ਗਗਨਦੀਪ ਮਲੋਟ ਦੇ ਪਿੰਡ ਬਰਾਜਵਾਲਾ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਮੁਤਾਬਕ ਉਹ ਝੀਲ ‘ਤੇ ਫੋਟੋ ਖਿਚਵਾਉਣ ਲਈ ਗਿਆ ਸੀ ਤੇ ਫੋਟੋ ਖਿਚਵਾਉਂਦੇ ਸਮੇਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਝੀਲ ‘ਚ ਡਿੱਗ ਗਿਆ ਤੇ ਇਹ ਫੋਟੋ ਉਸ ਦੀ ਜ਼ਿੰਦਗੀ ਦੀ ਆਖਰੀ ਫੋਟੋ ਬਣ ਕੇ ਰਹਿ ਗਈ। ਮੌਤ ਦੀ ਖਬਰ ਮਿਲਣ ਤੋਂ ਬਾਅਦ ਗਗਨਦੀਪ ਦੇ ਪਿੰਡ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਗਗਨਦੀਪ 2016 ਵਿਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ‘ਤੇ ਸੀ ਤੇ ਹੁਣ ਉਸ ਨੂੰ ਪੀ. ਆਰ. ਵੀ ਮਿਲਣ ਵਾਲੀ ਸੀ।
ਗਗਨਦੀਪ ਦੇ ਪਰਿਵਾਰ ਵਾਲਿਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਨੂੰ ਗਗਨਦੀਪ ਦੀ ਮੌਤ ਦੀ ਖਬਰ ਮਿਲੀ ਤੇ ਪ੍ਰਸ਼ਾਸਨ ਵਲੋਂ ਅਜੇ ਉਸ ਦੀ ਮ੍ਰਿਤਕ ਦੇਹ ਦੀ ਭਾਲ ਕੀਤੀ ਜਾ ਰਹੀ ਹੈ। ਗਗਨਦੀਪ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਗਗਨਦੀਪ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਤਕ ਪਹੁੰਚਾਇਆ ਜਾਵੇ ਤੇ ਨਾਲ ਹੀ ਅੱਜ ਦੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਅਜਿਹੀਆਂ ਫੋਟੋਆਂ ਖਿਚਵਾਉਣ ਤੋਂ ਪਰਹੇਜ਼ ਕਰਨ।