Army constable on : ਚੰਡੀਗੜ੍ਹ ਵਿਖੇ ਬਹਿਲਾਨਾ ਸਥਿਤ ਡਿਫੈਂਸ ਸਪਲਾਈ ਕੋਰ ਵਿਚ ਡਿਊਟੀ ‘ਤੇ ਤਾਇਨਾਤ ਆਰਮੀ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ ‘ਤੇ ਮੌਜੂਦ ਹੋਰ ਫੌਜੀ ਜਵਾਨਾਂ ਨੇ ਉਸ ਨੂੰ ਤੁਰੰਤ ਕਮਾਂਡ ਹਸਪਤਾਲ ਵਿਚ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਵਾਨ ਦੀ ਪਛਾਣ 40 ਸਾਲਾ ਮਨੋਜ ਕਾਜਲ ਵਜੋਂ ਹੋਈ ਹੈ। ਉਹ ਮੂਲ ਤੌਰ ‘ਤੇ ਝਾਰਖੰਡ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਜਾਂਚ ਵਿਚ ਉਸ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਪੁਲਿਸ ਅਨੁਸਾਰ ਮਨੋਜ ਆਰਮੀ ਵਿਚ ਬਤੌਰ ਕਾਂਸਟੇਬਲ ਤਾਇਨਾਤ ਸੀ। ਉਸ ਦੀ ਡਿਫੈਂਸ ਸਪਲਾਈ ਕੋਰ ਵਿਚ ਸੰਤਰੀ ਦੀ ਡਿਊਟੀ ਲੱਗੀ ਸੀ। ਬੁੱਧਵਾਰ ਸ਼ਾਮ 8 ਤੋਂ ਰਾਤ 10 ਵਜੇ ਦੀ ਡਿਊਟੀ ਕਰਨ ਆਇਆ ਸੀ। ਇਸ ਵਿਚ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਰਹਿਣ ਵਾਲੇ ਆਰਮੀ ਅਧਿਕਾਰੀ ਤੇ ਸੁਰੱਖਿਆ ਵਿਚ ਤਾਇਨਾਤ ਸੈਨਿਕ ਅਲਰਟ ਹੋ ਗਏ। ਉਹ ਡਿਊਟੀ ਪੁਆਇੰਟ ‘ਤੇ ਪੁੱਜੇ ਤਾਂ ਮਨੋਜ ਉਥੇ ਖੂਨ ਨਾਲ ਲੱਥਪੱਥ ਪਿਆ ਸੀ। ਉਸ ਕੋਲ ਸਰਕਾਰੀ ਬੰਦੂਕ ਵੀ ਪਈ ਸੀ।
ਉਸ ਨੂੰ ਤੁਰੰਤ ਕਮਾਂਡ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਆਤਮਹੱਤਿਆ ਕਰਨ ਵਾਲੇ ਕਾਂਸਟੇਬਲ ਮਨੋਜ ਦੇ ਕੋਰੋਨਾ ਟੈਸਟ ਲਈ ਆਰਮੀ ਦੀ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਭੇਜਿਆ ਹੈ। ਸੈਕਟਰ-31 ਥਾਣਾ ਪੁਲਿਸ ਕਾਂਸਟੇਬਲ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਪੁਲਿਸ ਵਲੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਦੋਂ ਕਿ ਡਿਫੈਂਸ ਦੀ ਟੀਮ ਵਲੋਂ ਵੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।