ASI in a state : ਜਲਾਲਾਬਾਦ ਵਿਖੇ ਫਾਜ਼ਿਲਕਾ ਰੋਡ ‘ਤੇ ਸਥਿਤ ਕੈਪਟੀ ਢਾਬੇ ਵਿਖੇ ਇਕ ASI ਵਲੋਂ ਨਸ਼ੇ ਦੀ ਹਾਲਤ ਵਿਚ ਵੇਟਰ ‘ਤੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀ ਹੈ। ਢਾਬੇ ਦੇ ਮਾਲਕ ਲੱਕੀ ਕੁਮਾਰ ਨੇ ਦੱਸਿਆ ਕਿ ਕਲ ਰਾਤ ਜਦੋਂ ਢਾਬਾ ਬੰਦ ਹੋ ਚੁੱਕਾ ਸੀ ਅਤੇ ਉਹ ਆਪਣੇ ਵਾਸਤੇ ਰੋਟੀ ਬਣਾ ਰਹੇ ਸਨ ਤਾਂ ਉਸ ਸਮੇਂ ਕੁਝ ਪੁਲਿਸ ਵਾਲੇ ਢਾਬੇ ‘ਤੇ ਆਏ ਅਤੇ ਉਨ੍ਹਾਂ ਨੇ ਰੋਟੀ ਦੀ ਮੰਗ ਕੀਤੀ। ਪਰ ਕੁਝ ਦੇਰ ਬਾਅਦ ਜਦੋਂ ਉਨ੍ਹਾਂ ਦਾ ਇਕ ਵਰਕਰ ਰੋਟੀ ਦੇਣ ਅੰਦਰ ਗਿਆ ਤਾਂ ਇਕ ASI ਨੇ ਉਸ ਦੇ ਮੂੰਹ ‘ਤੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਢਾਬੇ ਦੇ ਮਾਲਕ ਨੇ ਕਿਹਾ ਕਿ ਜਦੋਂ ਉਸ ਨੇ ਏ. ਐੱਸ.ਆਈ. ਤੋਂ ਥੱਪੜ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਬਿਨਾਂ ਕੁਝ ਦੱਸੇ ਉਸ ਨੂੰ ਵੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਢਾਬਾ ਮਾਲਕ ਨੇ ਦੱਸਿਆ ਕਿ ਏ. ਐੱਸ. ਆਈ. ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਤੇ ਉਸ ਦਾ ਇਹ ਸਾਰਾ ਕਾਰਾ ਕੈਮਰੇ ਵਿਚ ਕੈਦ ਹੋ ਗਿਆ। ਜਦੋਂ ਥਾਣਾਸਦਰ ਦੇ ਮੁਖੀ ਜਸਵੰਤ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ASI ਦਾ ਨਾਂ ਸਤਪਾਲ ਹੈ। ASI ਦੇ ਨਾਲ ਹੋਰ ਵੀ ਤਿੰਨ ਮੁਲਾਜ਼ਮ ਸਨ ਪਰ ਉਨ੍ਹਾਂ ਨੇ ਕੋਈ ਵੀ ਗਲਤ ਹਰਕਤ ਨਹੀਂ ਕੀਤੀ ਸਗੋਂ ਉਹ ਏ. ਐੱਸ. ਆਈ. ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਸਾਰਾ ਮਾਮਲਾ ਜਿਲ੍ਹਾ ਪੁਲਿਸ ਫਾਜ਼ਿਲਕਾ ਅਧੀਨ ਲਿਆਂਦਾ ਗਿਆ ਤਾਂ ਕੁਝ ਦੇਰ ਬਾਅਦ ਇਹ ਪਤਾ ਲੱਗਾ ਕਿ ਏ. ਐੱਸ. ਆਈ. ਸਤਪਾਲ ਸਿੰਘ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।