Assistance of Rs : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਮਹਾਂਮਾਰੀ ਕਾਰਨ ਰਾਜ ਵਿੱਚ ਵੱਡੀ ਪੱਧਰ ‘ਤੇ ਹੋ ਰਹੇ ਨੁਕਸਾਨ ਵੱਲ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜ ਕੇ ਨਵੇਂ ਹਾਲਾਤ ਦੇ ਮੱਦੇਨਜ਼ਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਅਤੇ ਰੋਜ਼ੀ-ਰੋਟੀ ਸੁਰੱਖਿਅਤ ਰੱਖਣ ਲਈ ਭਾਰਤ ਸਰਕਾਰ ਤੋਂ ਗੈਰ-ਵਿੱਤੀ ਅਸਾਸਿਆਂ ਸਮੇਤ 80845 ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਵੱਲੋਂ ਮੰਗੀ ਗਈ ਗੈਰ ਵਿੱਤੀ ਸਹਾਇਤਾ ਵਿੱਚ ਲੰਮੇ ਸਮੇਂ ਦੇ ਸੀ.ਸੀ.ਐਲ. ਕਰਜ਼ੇ ਮੁਆਫ਼ ਕਰਨਾ, ਮਨਰੇਗਾ ਦੇ ਟੀਚਿਆਂ ਵਿੱਚ ਪੂੰਜੀ ਖਰਚਿਆਂ ਵਿੱਚ ਵਾਧਾ ਅਤੇ ਕੇਂਦਰ ਸਰਕਾਰ ਦੇ ਹੋਰ ਪ੍ਰਮੁੱਖ ਪ੍ਰੋਗਰਾਮ ਜਿਵੇਂ ਸਮਾਰਟ ਸਿਟੀ ਪ੍ਰੋਗਰਾਮ, ਅਮਰੁਤ, ਨਵੀਂ ਰਾਸ਼ਟਰੀ ਸ਼ਹਿਰੀ ਰੁਜ਼ਗਾਰ ਗਰੰਟੀ ਯੋਜਨਾ ਅਤੇ ਖੇਤੀਬਾੜੀ ਤੇ ਉਦਯੋਗਿਕ ਮਜ਼ਦੂਰਾਂ ਦੇ ਬੁਨਿਆਦੀ ਅਧਿਕਾਰਾਂ ਤੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅੰਤਰ-ਰਾਜੀ ਪਰਵਾਸੀ ਮਜ਼ਦੂਰ ਐਕਟ ਵਿੱਚ ਸੋਧ ਅਤੇ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਨਾ ਸ਼ਾਮਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਕਿਸੇ ਵੱਡੀ ਸਮਾਜਿਕ-ਆਰਥਿਕ ਉਥਲ-ਪੁਥਲ ਨੂੰ ਠੱਲ੍ਹਣ ਅਤੇ ਅਗਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਜੀਵਨ ਅਤੇ ਰੋਜ਼ੀ-ਰੋਟੀ ਦੇ ਜ਼ਰੀਏ ਨੂੰ ਬਚਾਉਣ ਲਈ ਕੇਂਦਰ ਦੀ ਫੌਰੀ ਦਖਲਅੰਦਾਜ਼ੀ ਦੀ ਲੋੜ ਹੈ। ਆਪਣੇ ਵਿਸਥਾਰਤ ਯਾਦ ਪੱਤਰ ਵਿੱਚ ਇਸ ਮਹਾਂਮਾਰੀ ਦੇ ਲੰਮੇ ਸਮੇਂ ਤੱਕ ਰਹਿਣ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਪ੍ਰਸ਼ਾਸਕੀ, ਢਾਂਚਾਗਤ ਅਤੇ ਕਾਨੂੰਨੀ ਤਬਦੀਲੀਆਂ ਦੀ ਜ਼ਰੂਰਤ ਵੱਲ ਦੁਆਇਆ ਤਾਂ ਜੋ ਨਵੇਂ ਹਾਲਾਤ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਤਾਜ਼ਾ ਹਾਲਾਤ ਵਿੱਚ ਇਸ ਸੰਕਟ ਕਾਰਨ ਸਰਕਾਰੀ ਪ੍ਰੋਗਰਾਮਾਂ ਨੂੰ ਨਵੇਂ ਸਿਰਿਓ ਵਿਉਂਤਣ ਅਤੇ ਤਬਦੀਲੀਆਂ ਕਰਨਾ ਸਮੇਂ ਦੀ ਲੋੜ ਬਣ ਚੁੱਕੀ ਹੈ।
ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਮੌਜੂਦਾ ਹਾਲਾਤ ਵਿੱਚ ਨਵੀਆਂ ਲੋੜਾਂ ਤੇ ਸੁਧਾਰਾਂ ਉਤੇ ਜ਼ੋਰ ਦਿੰਦਿਆਂ ਪੰਜਾਬ ਸਰਕਾਰ ਨੇ ਤਾਜ਼ਾ ਪਰਿਪੇਖ ਵਿੱਚ ਤੇਜ਼ੀ ਨਾਲ ਤਬਦੀਲੀਆਂ ਵਾਸਤੇ ਲੋੜਾਂ ਦਾ ਛੇਤੀ ਨਾਲ ਮੁਲਾਂਕਣ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਇਹ ਮੁਲਾਂਕਣ ਮੁਕੰਮਲ ਨਹੀਂ ਹੈ ਪਰ ਇਸ ਤੋਂ ਬਹੁ-ਪੜਾਵੀ ਤੇ ਵੱਡੇ ਪੱਧਰ ਦੀ ਵਿੱਤੀ ਤੇ ਸਮਾਜਿਕ ਉੱਥਲ-ਪੁਥਲ ਦੇ ਯਕੀਨੀ ਸੰਕੇਤ ਮਿਲਦੇ ਹਨ ਜਿਸ ਦਾ ਸੂਬਿਆਂ ਨੂੰ ਸਾਹਮਣਾ ਕਰਨਾ ਤੇ ਜਵਾਬ ਦੇਣਾ ਪਵੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ”ਭਾਰਤ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਨੂੰ ਜ਼ਬਤ ਵਿੱਚ ਰੱਖਣ ਲਈ ਸਮੇਂ-ਸਮੇਂ ਉਤੇ ਜਾਰੀ ਹਦਾਇਤਾਂ ਦੀ ਜਿੱਥੇ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸਾਡਾ ਇਹ ਮੰਨਣਾ ਹੈ ਕਿ ਸੂਬੇ ਇਕੱਲੇ ਇਨ੍ਹਾਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਸਕਦੇ ਅਤੇ ਇਸ ਲਈ ਸਹਿਕਾਰੀ ਸੰਘੀ ਢਾਂਚਾ ਦੀ ਅਸਲ ਭਾਵਨਾ ਨੂੰ ਲਾਗੂ ਕਰਨ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਇਸ ਲਈ ਸੂਬਿਆਂ ਦੀ ਵੱਡੇ ਪੱਧਰ ਉਤੇ ਸਹਾਇਤਾ ਕਰੇ ਕਿਉਂਕਿ ਦੇਸ਼ ਨੇ 1947 ਵਿੱਚ ਮਿਲੀ ਆਜ਼ਾਦੀ ਤੋਂ ਬਾਅਦ ਕਦੇ ਵੀ ਅਜਿਹੇ ਹਾਲਾਤ ਦਾ ਸਾਹਮਣਾ ਨਹੀਂ ਕੀਤਾ। ਮਹਾਂਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਜੀਵਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆ ਰਾਜ ਦੀ ਆਰਥਿਕਤਾ ਨੂੰ ਪੁਨਰ ਸੁਰਜੀਤ ਕਰਨ ਲਈ ਲੋੜੀਂਦੇ ਵਿਸਥਾਰਤ ਸਹਾਇਤਾ ਉਪਾਵਾਂ ਨੂੰ ਸੂਚੀਬੱਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ 26400 ਕਰੋੜ ਰੁਪਏ ਦੇ ਸਿੱਧੇ ਵਿੱਤੀ ਪ੍ਰੋਤਸਾਹਨ ਅਤੇ ਲੰਮੀ ਮਿਆਦ ਦੇ ਸੀ.ਸੀ.ਐਲ. ਕਰਜ਼ੇ ਮੁਆਫ ਕਰਨਾ ਬਹੁਤ ਜ਼ਰੂਰੀ ਸੀ। ਇਸ ਤੋਂ ਇਲਾਵਾ ਉਨ੍ਹਾਂ ਮੰਗ ਪੱਧਰ ਵਿੱਚ ਅੱਗੇ ਬੇਨਤੀ ਕੀਤੀ ਕਿ ਵਿੱਤੀ ਸਾਲ 2020-21 ਦੌਰਾਨ ਸਾਰੀਆਂ ਕੇਂਦਰੀ ਯੋਜਨਾਵਾਂ ਵਾਸਤੇ ਭਾਰਤ ਸਰਕਾਰ ਦੁਆਰਾ 100 ਫੀਸਦੀ ਫੰਡ ਦਿੱਤੇ ਜਾਣੇ ਚਾਹੀਦੇ ਹਨ। ਸਹਾਇਤਾ ਦੀ ਤੁਰੰਤ ਲੋੜ ਵਾਲੇ ਖੇਤਰਾਂ ਨੂੰ ਸੂਚੀਬੱਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਦੇ ਪਰਿਪੇਖ ਨਾਲ ਰਾਜ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ਵਿੱਚ 6603 ਕਰੋੜ ਰੁਪਏ ਦੀ ਲਾਗਤ ਨਾਲ ਸੁਧਾਰ ਦਾ ਅਨੁਮਾਨ ਲਗਾਇਆ ਗਿਆ ਸੀ।