Assistant manager of : ਚੰਡੀਗੜ੍ਹ : ਇੰਡੀਅਨ ਆਇਲ ਕੰਪਨੀ ਦੇ ਅਸਿਸਟੈਂਟ ਮੈਨੇਜਰ ਦੀ ਭੇਦਭਰੀ ਹਾਲਤ ‘ਚ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਰਿਸ਼ਭ ਕੁਮਾਰ (28) ਅਸਿਸਟੈਂਟ ਮੈਨੇਜਰ ਦੀ ਲਾਸ਼ ਜਿੰਮ ਅੰਦਰ ਲੋਹੇ ਦੀ ਚੇਨ ਨਾਲ ਲਟਕਦੀ ਹੋਈ ਮਿਲੀ। ਪੂਰੀ ਘਟਨਾ ਦੀ ਜਾਣਕਾਰੀ ਨੌਕਰਾਣੀ ਨੇ ਪੁਲਿਸ ਨੂੰ ਦਿੱਤੀ ਜਦੋਂ ਉਹ ਸਵੇਰੇ ਘਰ ਦਾ ਕੰਮ ਕਰਨ ਲਈ ਆਈ ਸੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ।
ਜਾਂਚ ਤੋਂ ਸਾਹਮਣੇ ਆਇਆ ਹੈ ਕਿ ਰਿਸ਼ਭ ਕੁਮਾਰ ਮੂਲ ਤੌਰ ‘ਤੇ ਦਿੱਲੀ ਦੇ ਰੋਹਿਣੀ ਦਾ ਰਹਿਣ ਵਾਲਾ ਸੀ ਤੇ ਇਥੇ ਚੰਡੀਗੜ੍ਹ ਦੇ ਸੈਕਟਰ-44 ਵਿੱਚ ਪਿਛਲੇ ਕਾਫੀ ਸਮੇਂ ਤੋਂ ਇਕੱਲਾ ਹੀ ਰਹਿ ਰਿਹਾ ਸੀ। ਮੌਕੇ ਤੋਂ ਪੁਲਿਸ ਨੂੰ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਜਦੋਂ ਨੌਕਰਾਣੀ ਘਰ ਦਾ ਕੰਮ ਕਰਨ ਲਈ ਪੁੱਜੀ ਤਾਂ ਉਸ ਨੇ ਰਿਸ਼ਭ ਕੁਮਾਰ ਦੀ ਲਾਸ਼ ਜਿੰਮ ‘ਚ ਲਟਕਦੀ ਹੋਈ ਦੇਖੀ ਤੇ ਫਿਰ ਉਸ ਨੇ ਰੌਲਾ ਪਾ ਦਿੱਤਾ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਭੇਜ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਮੌਤ ਤੋਂ ਪਹਿਲਾਂ ਸ਼ਨੀਵਾਰ ਨੂੰ ਰਿਸ਼ਭ ਘਰ ‘ਚ ਹੀ ਸੀ ਤੇ ਅਗਲੇ ਦਿਨ ਜਦੋਂ ਨੌਕਰਾਣੀ ਉਥੇ ਪੁੱਜੀ ਤਾਂ ਉਹ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਗਈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਰਿਸ਼ਭ ਦਾ ਲੈਪਟਾਪ ਤੇ ਮੋਬਾਈਲ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਕੁਝ ਹੀ ਦਿਨਾਂ ਬਾਅਦ ਰਿਸ਼ਭ ਦਾ ਵਿਆਹ ਹੋਣ ਵਾਲਾ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।